
Health Department raid in Ludhiana: ਛਾਪੇ ਦੀ ਖ਼ਬਰ ਸੁਣਦੇ ਹੀ ਦੁਕਾਨਾਂ ਬੰਦ ਕਰ ਕੇ ਭੱਜੇ ਕਈ ਦੁਕਾਨਦਾਰ
ਵਿਆਹਾਂ ’ਚ ਨਕਲੀ ਪਨੀਰ, ਦਹੀਂ-ਮੱਖਣ ਦੀ ਸਪਲਾਈ ਦੀ ਮਿਲੀ ਸੀ ਸ਼ਿਕਾਇਤ
Health Department raid in Ludhiana: ਲੁਧਿਆਣਾ ’ਚ ਵੀਰਵਾਰ ਸਵੇਰੇ ਸਿਹਤ ਵਿਭਾਗ ਨੇ ਸੁਭਾਨੀ ਬਿਲਡਿੰਗ ਨੇੜੇ ਲੱਸੀ ਚੌਕ ’ਤੇ ਸਥਿਤ ਬਿੱਟੂ ਲੱਸੀ ਦੀ ਦੁਕਾਨ ’ਤੇ ਛਾਪਾ ਮਾਰਿਆ। ਇੱਕ ਡੇਅਰੀ ਸੰਚਾਲਕ ਨੇ ਸਿਹਤ ਵਿਭਾਗ ਨੂੰ ਸ਼ਿਕਾਇਤ ਕੀਤੀ ਸੀ ਕਿ ਲੱਕੜ ਬਾਜ਼ਾਰ ਦੀ ਇਸ ਦੁਕਾਨ ਤੋਂ ਕਈ ਮੈਰਿਜ ਪੈਲੇਸਾਂ ਨੂੰ ਨਕਲੀ ਪਨੀਰ, ਮੱਖਣ ਅਤੇ ਦਹੀਂ ਸਪਲਾਈ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਵਿਭਾਗ ਨੇ ਐਕਸ਼ਨ ਲੈਂਦੇ ਹੋਏ ਅੱਜ ਸਵੇਰੇ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੂੰ ਲੈ ਕੇ ਛਾਪਾ ਮਾਰਿਆ।
ਜਿਵੇਂ ਹੀ ਸਿਹਤ ਵਿਭਾਗ ਦੇ ਛਾਪੇਮਾਰੀ ਦੀ ਖ਼ਬਰ ਫੈਲੀ, ਲੱਕੜ ਬਾਜ਼ਾਰ ਵਿੱਚ ਮਠਿਆਈ ਵੇਚਣ ਵਾਲਿਆਂ ਵਿੱਚ ਦਹਿਸ਼ਤ ਫੈਲ ਗਈ। ਸਵੇਰੇ ਜਲਦੀ ਖੁਲ੍ਹੀਆਂ ਕਈ ਦੁਕਾਨਾਂ ਬੰਦ ਕਰ ਕੇ ਦੁਕਾਨਦਾਰ ਭੱਜ ਗਏ। ਤੁਹਾਨੂੰ ਦੱਸ ਦੇਈਏ ਕਿ ਸਿਹਤ ਵਿਭਾਗ ਵੱਲੋਂ ਛਾਪੇਮਾਰੀ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਸਿਹਤ ਵਿਭਾਗ ਅਕਸਰ ਇਸ ਬਾਜ਼ਾਰ ’ਤੇ ਛਾਪੇਮਾਰੀ ਕਰਦਾ ਹੈ ਪਰ ਥੋੜ੍ਹੀ ਜਿਹੀ ਕਾਰਵਾਈ ਤੋਂ ਬਾਅਦ, ਨਕਲੀ ਪਨੀਰ, ਦਹੀਂ ਅਤੇ ਮੱਖਣ ਆਦਿ ਦੁਬਾਰਾ ਵਿਕਣ ਲੱਗ ਪੈਂਦੇ ਹਨ। ਇਸ ਬਾਜ਼ਾਰ ਤੋਂ ਪੂਰੇ ਲੁਧਿਆਣਾ ਵਿੱਚ ਨਕਲੀ ਮਾਵਾ ਵੀ ਸਪਲਾਈ ਕੀਤਾ ਜਾਂਦਾ ਹੈ।
ਸ਼ਿਕਾਇਤਕਰਤਾ ਕੁਲਦੀਪ ਸਿੰਘ ਲਾਹੌਰੀਆ ਨੇ ਦੱਸਿਆ ਕਿ ਉਹ ਡੇਅਰੀ ਕੰਪਲੈਕਸ ਦਾ ਵਸਨੀਕ ਹੈ। ਉਸਨੇ ਕਈ ਵਾਰ ਦੇਖਿਆ ਕਿ ਲੱਕੜ ਬਾਜ਼ਾਰ ’ਚ ਸਿਰਫ਼ ਸਾਮਾਨ ਨਾਲ ਭਰੀਆਂ ਗੱਡੀਆਂ ਹੀ ਆਉਂਦੀਆਂ ਹਨ ਪਰ ਦੁੱਧ ਕਦੇ ਨਹੀਂ ਆਉਂਦਾ। ਇੱਥੇ ਪਿਛਲੇ 4 ਤੋਂ 5 ਦਿਨਾਂ ਤੋਂ ਰੇਕੀ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਕਾਰਵਾਈ ਕੀਤੀ ਗਈ। ਹੁਣ ਅਸੀਂ ਸਿਹਤ ਵਿਭਾਗ ਤੋਂ ਮੈਰਿਜ ਪੈਲੇਸਾਂ ’ਤੇ ਵੀ ਛਾਪੇਮਾਰੀ ਕਰਵਾਵਾਂਗੇ ਕਿਉਂਕਿ ਮੈਰਿਜ ਪੈਲੇਸਾਂ ’ਚ ਵੀ ਇਸੇ ਤਰ੍ਹਾਂ ਦਾ ਗ਼ੈਰ-ਕਾਨੂੰਨੀ ਕਾਰੋਬਾਰ ਚੱਲ ਰਿਹਾ ਹੈ। ਕੁਲਦੀਪ ਨੇ ਕਿਹਾ ਕਿ ਸਿਹਤ ਵਿਭਾਗ ਨੇ ਹੁਣ ਤੱਕ ਜਿੱਥੇ ਵੀ ਛਾਪੇ ਮਾਰੇ ਹਨ, ਕੋਈ ਮਹੱਤਵਪੂਰਨ ਨਤੀਜੇ ਨਜ਼ਰ ਨਹੀਂ ਆ ਰਹੇ ਹਨ। ਇਹ ਛਾਪਾ ਸਿਰਫ਼ ਰਸਮੀ ਤੌਰ ’ਤੇ ਮਾਰਿਆ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਸਵੇਰੇ ਇੱਕ ਗੱਡੀ ਲੱਕੜ ਬਾਜ਼ਾਰ ਆਉਂਦੀ ਹੈ ਜਿਸ ਵਿੱਚ ਪਨੀਰ ਅਤੇ ਘਿਓ ਹੁੰਦਾ ਹੈ। ਅੱਜ ਉਸ ਸੂਹ ’ਤੇ ਕਾਰਵਾਈ ਕਰਦਿਆਂ, ਗੱਡੀ ਨੂੰ ਘੇਰ ਲਿਆ ਗਿਆ ਅਤੇ ਸਾਮਾਨ ਉਤਾਰਿਆ ਗਿਆ। ਗੱਡੀ ’ਚੋਂ ਪਨੀਰ ਅਤੇ ਹੋਰ ਚੀਜ਼ਾਂ ਦੇ ਨਮੂਨੇ ਇਕੱਠੇ ਕੀਤੇ ਗਏ ਹਨ। ਹੁਣ ਕਈ ਹੋਰ ਦੁਕਾਨਾਂ ’ਤੇ ਵੀ ਲਗਾਤਾਰ ਛਾਪੇਮਾਰੀ ਕੀਤੀ ਜਾਵੇਗੀ।
(For more news apart from Ludhiana Latest News, stay tuned to Rozana Spokesman)