
SI ਨਾਲ ਗਏ ਪੁਲਿਸ ਮੁਲਾਜ਼ਮ ਦੀ ਤੋੜੀ ਬਾਂਹ
Tarn Taran News: ਤਰਨਤਾਰਨ ਦੇ ਪਿੰਡ ਕੋਟ ਮੁਹੰਮਦ ਖਾਂ ਵਿਖੇ ਪੰਜਾਬ ਪੁਲਿਸ ਦੇ ਮੁਲਾਜ਼ਮ ਦਾ ਪਿੰਡ ਦੇ ਹੀ ਸਰਪੰਚ ਨੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਸਰਪੰਚ ਤੇ ਦੂਜੀ ਧਿਰ ਦਾ ਪਿਛਲੇ ਕਈ ਦਿਨਾਂ ਤੋਂ ਵਿਵਾਦ ਚਲ ਰਿਹਾ ਸੀ ਜਿਸ ਸਬੰਧੀ ਸ਼ਿਕਾਇਤ ਮਿਲਣ 'ਤੇ ਐਸਆਈ ਚਰਨਜੀਤ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਪਿੰਡ ਪਹੁਚੇ ਜਿਥੇ ਸਰਪੰਚ ਨੇ ਉਨ੍ਹਾਂ 'ਤੇ ਹੀ ਗੋਲ਼ੀਆਂ ਚਲਾ ਦਿੱਤੀਆਂ।
ਪੁਲਿਸ ਪਾਰਟੀ ਵੱਲੋਂ ਹਮਲਾਵਰਾਂ ਨੂੰ ਜਦੋਂ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕੁਝ ਪੁਲਿਸ ਮੁਲਾਜ਼ਮਾਂ ਉੱਪਰ ਵੀ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਉਹ ਜ਼ਖ਼ਮੀ ਹੋ ਗਏ। ਗੰਭੀਰ ਰੂਪ ਵਿਚ ਜ਼ਖ਼ਮੀ ਸਬ-ਇੰਸਪੈਕਟਰ ਚਰਨਜੀਤ ਸਿੰਘ ਨੂੰ ਜਦੋਂ ਹਸਪਤਾਲ ਇਲਾਜ ਲਈ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਦੇਰ ਰਾਤ ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਡੀ.ਆਈ.ਜੀ. ਫ਼ਿਰੋਜ਼ਪੁਰ ਰੇਂਜ ਹਰਮਨ ਬੀਰ ਸਿੰਘ ਗਿੱਲ ਸਮੇਤ ਐੱਸ.ਐੱਸ.ਪੀ. ਅਭਿਮਨਿਊ ਰਾਣਾ, ਡੀ. ਐੱਸ. ਪੀ. ਅਤੁਲ ਸੋਨੀ ਮੌਕੇ 'ਤੇ ਪੁੱਜੇ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਵਾਰਦਾਤ ਦੌਰਾਨ ਗੋਲ਼ੀ ਚਲਾਉਣ ਸਮੇਂ ਪੁਲਸ ਮੁਲਾਜ਼ਮ ਦੀ ਰਿਵਾਲਵਰ ਦੀ ਵਰਤੋਂ ਕੀਤੇ ਜਾਣ ਦਾ ਵੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ, ਪਰ ਇਸ ਸਬੰਧੀ ਪੁਲਸ ਅਧਿਕਾਰੀਆਂ ਵੱਲੋਂ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ।