
ਮਾਂ ਦਿਵਸ ਵਿਸ਼ੇਸ਼ : ਇਕ ਦਲੇਰ ਮਾਂ ਅਪਣੀ ਦੋ ਸਾਲਾ ਕੋਰੋਨਾ ਪਾਜ਼ੇਟਿਵ ਬੱਚੀ ਦੀ ਦਿਨ ਰਾਤ ਪੂਰੀ ਪੀਪੀਈ ਕਿਟ ਪਾ ਕੇ ਕਰ ਰਹੀ ਹੈ ਦੇਖਭਾਲ
ਚੰਡੀਗੜ, 10 ਮਈ (ਸਪੋਕਸਮੈਨ ਸਮਾਚਾਰ ਸੇਵਾ) : ਕੋਵਿਡ-19 ਦੌਰਾਨ, ਮਾਂ ਦਿਵਸ ਬਹੁਤ ਵਿਸ਼ੇਸ਼ ਹੈ ਕਿਉਂ ਜੋ ਇਸ ਮੌਕੇ 35 ਸਾਲਾ ਔਰਤ ਮੋਨਿਕਾ ਦੀ ਇਕ ਵਿਲੱਖਣ ਕਹਾਣੀ ਸਾਹਮਣੇ ਆਈ ਹੈ। 10 ਸਾਲਾਂ ਦੇ ਦੋ ਪੁੱਤਰਾਂ ਅਤੇ 2 ਸਾਲ ਦੀ ਇਕ ਧੀ ਦੀ ਮਾਂ, ਮੋਨਿਕਾ ਰਾਜਪੁਰਾ ਦੀ ਰਹਿਣ ਵਾਲੀ ਹੈ।
ਉਸ ਦੀ ਧੀ 'ਨਿਤਾਰਾ' ਦੋ ਹਫ਼ਤੇ ਪਹਿਲਾਂ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ। ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਇਕਾਂਤਵਾਸ 'ਚ ਦਾਖ਼ਲ ਕਰਵਾਇਆ ਗਿਆ ਸੀ। ਮੋਨਿਕਾ, ਪੀਪੀਈ ਦੀ ਪੂਰੀ ਕਿੱਟ ਪਹਿਨ ਕੇ ਅਪਣੀ ਨੰਨ੍ਹੀ ਧੀ ਦੀ ਦਿਨ-ਰਾਤ ਦੇਖਭਾਲ ਕਰ ਰਹੀ ਹੈ।
ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਇਕ ਡਾਕਟਰ ਹੀ ਭਲੀਭਾਂਤ ਦੱਸ ਸਕਦਾ ਹੈ ਕਿ ਕੁੱਝ ਘੰਟਿਆਂ ਲਈ ਵੀ ਇਸ ਕਿਸਮ ਦੇ ਰਖਿਆਤਮਕ ਸਾਜ਼ੋ ਸਮਾਨ ਨਾਲ ਕੰਮ ਕਰਨਾ ਕਿੰਨਾ ਔਖਾ ਹੈ। ਪਰ ਇਸ ਬਹਾਦਰ ਮਾਂ ਨੇ 2 ਹਫ਼ਤਿਆਂ ਤੋਂ ਵੱਧ ਸਮੇਂ ਲਈ ਅਪਣੀ ਧੀ ਦੀ 24 ਘੰਟੇ ਇਹ ਰਖਿਆਤਮਕ ਪੌਸ਼ਾਕ ਪਹਿਨ ਕੇ ਦੇਖਭਾਲ ਕੀਤੀ ਹੈ। ਇਸ ਕਿੱਟ ਨੂੰ 24 ਘੰਟਿਆਂ ਵਿਚ ਇਕ ਵਾਰ ਬਦਲਣ ਦਾ ਮੌਕਾ ਮਿਲਦਾ ਹੈ।
ਉਸ ਨੇ ਟੈਲੀਫ਼ੋਨ 'ਤੇ ਇਹ ਸਵੀਕਾਰਿਆ ਹੈ ਕਿ ਉਸ ਨੂੰ ਪਸੀਨਾ ਆਉਣਾ, ਅੱਖਾਂ ਦੇ ਸੁਰੱਖਿਆ ਉਪਕਰਣ ਦਾ ਧੁੰਦਲਾ ਹੋਣਾ, ਚਿਹਰੇ ਦੇ ਮਾਸਕ ਦੇ ਦੁਆਲੇ ਤਣੀਆਂ ਦੀ ਖਿੱਚ ਜਾਂ ਦਬਾਅ ਆਦਿ ਕੁੱਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਸੂਬਾ ਸਰਕਾਰ ਇਸ ਬਹਾਦਰ ਤੇ ਵੱਡੇ ਜੇਰੇ ਵਾਲੀ ਮਾਂ ਨੂੰ ਮਾਂ ਦਿਵਸ 'ਤੇ ਨਮਸਕਾਰ ਕਰਦੀ ਹੈ।