
ਪਿੰਡਾਂ 'ਚੋਂ ਵੈਕਸੀਨ ਵਾਪਸ ਮੰਗਵਾਈ, 18-44 ਦੇ ਆਮ ਲੋਕਾਂ ਨੂੰ ਵੈਕਸੀਨ ਨਹੀਂ ਲੱਗੇਗੀ
ਕੌਣ ਹੈ ਜੋ ਨਹੀਂ ਚਾਹੁੰਦਾ ਕਿ ਪੰਜਾਬ ਨੂੰ ਕੋਰੋਨਾ ਤੋਂ ਰਾਹਤ ਮਿਲੇ? ਮਜ਼ਦੂਰਾਂ ਬਾਰੇ ਸ਼ਰਤ ਵੀ ਸਮੱਸਿਆ ਬਣੇਗੀ
ਬਠਿੰਡਾ, 9 ਮਈ (ਬਲਵਿੰਦਰ ਸ਼ਰਮਾ): ਸਰਕਾਰ ਤੇ ਸਿਹਤ ਵਿਭਾਗ ਆਪੋ-ਅਪਣੀ ਡਫਲੀ ਵਜਾ ਰਹੇ ਹਨ | ਹਾਲੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ 18-44 ਉਮਰ ਵਰਗ ਦੇ ਆਮ ਲੋਕਾਂ ਨੂੰ ਵੈਕਸੀਨ ਲੱਗੇਗੀ ਜਾਂ ਨਹੀਂ ਕਿਉਂਕਿ ਪਹਿਲਾਂ ਸਰਕਾਰੀ ਬਿਆਨ ਆਇਆ ਕਿ 18 ਤੋਂ 44 ਸਾਲ ਉਮਰ ਦੇ ਆਮ ਲੋਕਾਂ ਨੂੰ ਵੈਕਸੀਨ ਲੱਗੇਗੀ, ਪ੍ਰੰਤੂ ਸਿਹਤ ਵਿਭਾਗ ਇਸ ਤੋਂ ਉਲਟ ਆਦੇਸ਼ ਜਾਰੀ ਕਰ ਰਿਹਾ ਹੈ ਕਿ ਆਮ ਲੋਕਾਂ ਨੂੰ ਵੈਕਸੀਨ ਨਹੀਂ ਲਗਾਉਣੀ | ਫ਼ਿਲਹਾਲ ਇਹ ਵੈਕਸੀਨ ਸਿਰਫ਼ ਰਜਿਸਟਰਡ ਉਸਾਰੀ ਮਜ਼ਦੂਰਾਂ ਨੂੰ ਹੀ ਲੱਗੇਗੀ | ਹੋਰ ਤਾਂ ਹੋਰ ਪਿੰਡਾਂ 'ਚ ਭੇਜੀ ਵੈਕਸੀਨ ਵੀ ਵਾਪਸ ਮੰਗਵਾ ਲਈ ਗਈ ਹੈ | ਫਿਰ ਕੀ ਇਸਦਾ ਮਤਲਬ ਇਹ ਸਮਝਿਆ ਜਾਵੇ ਕਿ ਪੰਜਾਬ ਸਰਕਾਰ ਖੁਦ ਹੀ ਨਹੀਂ ਚਾਹੁੰਦੀ ਕਿ ਸੂਬੇ ਨੂੰ ਕੋਰੋਨਾ ਤੋਂ ਰਾਹਤ ਮਿਲੇ?
ਨਵੇਂ ਆਦੇਸ਼ਾਂ 'ਚ ਇਕ ਹੋਰ ਪੰਗਾ : ਅੱਜ ਨਵੇਂ ਆਦੇਸ਼ ਜਾਰੀ ਹੋਏ ਹਨ ਕਿ ਕੱਲ੍ਹ ਸੋਮਵਾਰ ਤੋਂ ਸਿਰਫ ਉਨ੍ਹਾਂ 18 ਤੋਂ 44 ਉਮਰ ਵਰਗ ਦੇ ਲੋਕਾਂ ਨੂੰ ਵੈਕਸੀਨੇਸ਼ਨ ਕੀਤੀ
ਜਾ ਸਕਦੀ ਹੈ, ਜੋ ਉਸਾਰੀ 'ਚ ਮਜ਼ਦੂਰੀ ਕਰਦੇ ਹੋਣ, ਉਨ੍ਹਾਂ ਦਾ ਨਾਂ ਲੇਬਰ ਵਿਭਾਗ 'ਚ ਰਜਿਸਟਰ ਹੋਣਾ ਚਾਹੀਦਾ ਹੈ | ਇਸ ਲਈ ਇਹ ਟੀਕਾਕਰਨ ਲੇਬਰ ਵਿਭਾਗ ਦੇ ਮੁਲਾਜ਼ਮਾਂ ਰਾਹੀਂ ਕੀਤਾ ਜਾਣਾ ਹੈ | ਇਹ ਟੀਕਾਕਰਨ ਸੰਬੰਧਤ ਮਜ਼ਦੂਰਾਂ ਦੇ 18 ਤੋਂ ਜ਼ਿਆਦਾ ਉਮਰ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਲਗਾਇਆ ਜਾਵੇਗਾ | ਪੰਜਾਬ 'ਚ ਕੁੱਲ ਰਜਿਸਟਰਡ ਉਸਾਰੀ ਮਜ਼ਦੂਰ 2.19 ਲੱਖ ਹਨ, ਜੇਕਰ ਇਕ ਮਜ਼ਦੂਰ ਨਾਲ 2 ਪਰਿਵਾਰਕ ਮੈਂਬਰ ਵੀ ਲਗਾਏ ਜਾਣ ਤਾਂ ਉਕਤ ਸਕੀਮ ਤਹਿਤ ਲਾਭਪਾਤਰੀਆਂ ਦੀ ਗਿਣਤੀ 6.60 ਲੱਖ ਬਣਦੀ ਹੈ | ਪ੍ਰੰਤੂ ਲੇਬਰ ਵਿਭਾਗ ਵਲੋਂ ਫਿਲਹਾਲ 2 ਲੱਖ ਵੈਕਸੀਨ ਹੀ ਖਰੀਦੀ ਗਈ, ਜਿਸ ਵਿਚੋਂ ਫਿਲਹਾਲ 1 ਲੱਖ ਯੁਨਿਟ ਹੀ ਮਿਲ ਰਹੇ ਹਨ ਤੇ ਬਾਕੀ 1 ਲੱਖ ਸ਼ਾਇਦ ਅਗਲੇ ਹਫ਼ਤੇ ਮਿਲਣਗੇ | ਜ਼ਿਲਾ 'ਚ ਸਿਰਫ 3500 ਯੁਨਿਟ ਆਏ ਹਨ, ਜਦਕਿ 8000 ਮਜ਼ਦੂਰਾਂ ਸਮੇਤ ਲਾਭਪਾਤਰੀਆਂ ਦੀ ਗਿਣਤੀ 2400 ਹਜ਼ਾਰ ਦੇ ਆਸਪਾਸ ਹੈ |
ਇਥੇ ਹੀ ਬੱਸ ਨਹੀਂ ਅਣਰਜਿਸਟਰਡ ਉਸਾਰੀ ਮਜ਼ਦੂਰਾਂ ਦੀ ਗਿਣਤੀ ਇਸ ਤੋਂ ਕਈ ਗੁਣਾ ਜ਼ਿਆਦਾ ਹੈ | ਹੁਣ ਜਦੋਂ ਉਪਰੋਕਤ ਵਰਗ ਨੂੰ ਵੈਕਸੀਨ ਲਗਾਏ ਜਾਣ ਦੀ ਗੱਲ ਸਾਹਮਣੇ ਆਈ ਹੈ ਤਾਂ ਕੱਲ੍ਹ ਤੋਂ ਵੈਕਸੀਨ ਲਗਵਾਉਣ ਵਾਲੇ ਮਾਰੋ ਮਾਰ ਸਰਕਾਰੀ ਹਸਪਤਾਲਾਂ ਵਿਚ ਪਹੁੰਚਣਗੇ, ਪਰ ਰਜਿਸਟ੍ਰੇਸ਼ਨ ਵਾਲੀ ਸਮੱਸਿਆ ਆਉਣ 'ਤੇ ਲੋਕਾਂ 'ਚ ਰੋਸ ਪੈਦਾ ਹੋ ਸਕਦਾ ਹੈ | ਕਿਉਂਕਿ ਟੀਕਾਕਰਨ ਕਰਵਾਉਣ ਵਾਲਿਆਂ ਦੀ ਗਿਣਤੀ 12-15 ਲੱਖ ਤੋਂ ਵੀ ਜ਼ਿਆਦਾ ਸੰਭਾਵਿਤ ਹੈ, ਪਰ ਸਿਹਤ ਵਿਭਾਗ ਕੋਲ ਵੈਕਸੀਨ ਸਿਰਫ 2 ਲੱਖ ਯੁਨਿਟ ਹੀ ਆ ਰਹੀ ਹੈ |
ਉਪਰੋਕਤ ਦੀ ਪੁਸ਼ਟੀ ਕਰਦਿਆਂ ਲੇਬਰ ਇੰਸਪੈਕਟਰ ਅਜੈਬ ਸਿੰਘ ਨੇ ਦੱਸਿਆ ਕਿ ਇਹ ਵੈਕਸੀਨ ਲੇਬਰ ਵਿਭਾਗ ਨੇ ਹੀ ਖਰੀਦ ਕੇ ਸਿਹਤ ਵਿਭਾਗ ਨੂੰ ਦਿੱਤੀ ਹੈ | ਇਹ ਟੀਚਾ ਜੂਨ ਤੱਕ ਪੂਰਾ ਕਰਨਾ ਹੈ |
ਪਿੰਡਾਂ 'ਚੋਂ ਵੈਕਸੀਨ ਵਾਪਸ ਮੰਗਵਾਈ :-
-ਕੁਝ ਸਮਾਂ ਪਹਿਲਾਂ ਪੰਜਾਬ ਸਰਕਾਰ ਨੇ ਜ਼ੋਰ ਦੇ ਕੇ ਕਿਹਾ ਸੀ ਕਿ 45 ਸਾਲ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਨੂੰ ਵੈਕਸੀਨ ਲਗਾਈ ਜਾਵੇ, ਜਿਸ ਵਾਸਤੇ ਬਲਾਕ ਪੱਧਰ ਹੀ ਨਹੀਂ, ਸਗੋਂ ਪਿੰਡਾਂ 'ਚ ਬਣੇ ਪ੍ਰਾਇਮਰੀ ਹੈਲਥ ਸੈਂਟਰਾਂ ਅਤੇ ਹੈਲਥ ਐਂਡ ਵੈਲਨੈੱਸ ਸੈਂਟਰਾਂ 'ਤੇ ਵੀ ਵੈਕਸੀਨ ਭੇਜੀ ਗਈ | ਪ੍ਰੰਤੂ ਦੋ ਦਿਨ ਪਹਿਲਾਂ ਆਦੇਸ਼ ਜਾਰੀ ਹੋਏ ਹਨ ਕਿ ਉਕਤ ਸੈਂਟਰਾਂ 'ਤੇ ਭੇਜੀ ਗਈ ਵੈਕਸੀਨ ਵਾਪਸ ਬਲਾਕ ਪੱਧਰ 'ਤੇ ਮੰਗਵਾਈ ਜਾਵੇ | ਜਦੋਂ ਕਿ ਪਿੰਡਾਂ 'ਚ ਵੈਕਸੀਨੇਸ਼ਨ ਪੂਰਾ ਨਹੀਂ ਹੋਇਆ | ਹੁਣ ਵੱਡਾ ਸਵਾਲ ਹੈ ਕਿ ਕੀ ਸਰਕਾਰ ਪਿੰਡਾਂ 'ਚ ਵੈਕਸੀਨੇਸ਼ਨ ਨਹੀਂ ਕਰਨਾ ਚਾਹੁੰਦੀ | ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੈਕਸੀਨ ਦੀ ਘਾਟ ਸਦਕਾ ਹੀ ਐਸਾ ਕੀਤਾ ਗਿਆ ਹੈ ਤਾਂ ਕਿ ਜ਼ਿਆਦਾ ਜ਼ਰੂਰਤ ਮੁਤਾਬਕ ਹੀ ਵੈਕਸੀਨ ਦੀ ਵਰਤੋਂ ਕੀਤੀ ਜਾ ਸਕੇ |
ਫੋਟੋ : 09ਬੀਟੀਡੀ1
ਵੈਕਸੀਨੇਸ਼ਨ ਕਰਦਾ ਮੈਡੀਕਲ ਸਟਾਫ -ਇਕਬਾਲ