
ਰਾਮੂਵਾਲੀਆ ਦੀ ਹਾਜ਼ਰੀ 'ਚ ਸੁਖਬੀਰ ਬਾਦਲ ਨੇ 'ਜਥੇਦਾਰ' ਨੂੰ ਕੀਤਾ ਸੀ ਨਲਵੀ ਅਤੇ ਝੀਂਡਾ ਨੂੰ ਛੇਕਣ ਦਾ ਹੁਕਮ
ਤਾਸ਼ ਦੇ ਪੱਤੇ 52 ਪਰ 'ਜਥੇਦਾਰਾਂ' ਦੇ ਹੁਕਮਨਾਮਿਆਂ ਦੀ ਗਿਣਤੀ 552 ਕਿਉਂ?
ਕੋਟਕਪੂਰਾ, 9 ਮਈ (ਗੁਰਿੰਦਰ ਸਿੰਘ) : ਜੇਕਰ ਬਾਦਲਾਂ ਦਾ ਸਾਰਾ ਪ੍ਰਵਾਰ ਆਉਣ ਵਾਲੇ 15 ਸਾਲ ਅਕਾਲੀ ਦਲ ਤੋਂ ਕਿਨਾਰਾਕਸ਼ੀ ਕਰ ਕੇ ਪਾਠ-ਪੂਜਾ ਵਾਲੇ ਰਸਤੇ ਤੁਰ ਪਏ ਤਾਂ ਅਕਾਲੀ ਦਲ ਬਚ ਸਕਦਾ ਹੈ ਕਿਉਂਕਿ ਮੈਂ ਵੀ ਅਕਾਲੀ ਦਲ ਨੂੰ ਬਚਾਉਣ ਦਾ ਮੁਦਈ ਹਾਂ, ਨਹੀਂ ਤਾਂ ਬਾਦਲਾਂ ਨੇ ਅਕਾਲੀ ਦਲ ਨੂੰ ਖ਼ਤਮ ਕਰ ਕੇ ਰੱਖ ਦਿਤਾ ਹੈ | 'ਰੋਜ਼ਾਨਾ ਸਪੋਕਸਮੈਨ' ਦੇ ਇਸ ਪੱਤਰਕਾਰ ਨਾਲ ਗੱਲਬਾਤ ਕਰਨ ਮੌਕੇ ਸਾਬਕਾ ਕੇਂਦਰੀ ਮੰਤਰੀ ਤੇ ਚਿੰਤਕ ਬਲਵੰਤ ਸਿੰਘ ਰਾਮੂਵਾਲੀਆ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦੀ ਉੱਚੀ ਪਦਵੀ 'ਤੇ ਬੈਠ ਕੇ ਬਾਦਲਾਂ ਦੇ ਹੱਕ ਵਿਚ ਬਿਆਨਬਾਜ਼ੀ ਕਰਨ ਵਾਲੀ ਹਰਕਤ ਸ਼ੋਭਾ ਨਹੀਂ ਦਿੰਦੀ |
ਉਨ੍ਹਾਂ ਸ. ਜੋਗਿੰਦਰ ਸਿੰਘ ਦੇ ਹਫ਼ਤਾਵਾਰੀ ਕਾਲਮ 'ਮੇਰੀ ਨਿਜੀ ਡਾਇਰੀ ਦੇ ਪੰਨੇ' ਵਾਲੇ 'ਅਕਾਲ ਤਖ਼ਤ ਦਾ ਨਾਂਅ ਵਰਤ ਕੇ, ਪੰਥ ਪ੍ਰਸਤਾਂ ਨਾਲ ਮੁਜਰਮਾਂ ਵਾਲਾ ਸਲੂਕ ਕਰਨਾ ਬੰਦ ਕਰੋ' ਦੀ ਪ੍ਰਸ਼ੰਸਾ ਕਰਦਿਆਂ ਆਖਿਆ ਕਿ ਜੇਕਰ ਇਸ ਵਿਚ ਵਾਧਾ ਕਰਨਾ ਹੋਵੇ ਤਾਂ ਤਖ਼ਤਾਂ ਦੇ ਜਥੇਦਾਰਾਂ ਵਲੋਂ ਬਾਦਲਾਂ ਦੀ ਘੁਰਕੀ ਤੋਂ ਡਰਦਿਆਂ ਜਾਂ ਹੁਕਮ ਨੂੰ ਮੰਨਦਿਆਂ ਜਾਰੀ ਕੀਤੇ ਅਨੇਕਾਂ ਹੁਕਮਨਾਮਿਆਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ | ਸ੍ਰ. ਰਾਮੂਵਾਲੀਆ ਨੇ ਦਸਿਆ ਕਿ ਜਦੋਂ ਉਹ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਸੀ ਤਾਂ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਬੜੀ ਅਭੱਦਰ ਭਾਸ਼ਾ, ਅਸਭਿਅਕ ਅਤੇ ਸਖ਼ਤ ਸ਼ਬਦਾਵਲੀ ਵਰਤਦਿਆਂ ਆਖਿਆ ਕਿ ਹਰਿਆਣੇ ਦੇ ਦੋ ਸਿੱਖ ਆਗੂਆਂ ਦੀਦਾਰ ਸਿੰਘ ਨਲਵੀ ਤੇ ਜਗਦੀਸ਼ ਸਿੰਘ ਝੀਂਡਾ ਨੂੰ ਸਿੱਖੀ ਵਿਚੋਂ ਛੇਕਣ ਵਾਲਾ ਹੁਕਮਨਾਮਾ ਜਾਰੀ ਕਰ ਦਿਉ | 'ਜਥੇਦਾਰ' ਨੇ ਆਖਿਆ ਕਿ ਦੂਜੇ ਤਖ਼ਤਾਂ ਦੇ ਜਥੇਦਾਰਾਂ ਦੇ ਦਸਤਖਤਾਂ ਤੋਂ ਬਿਨਾਂ ਸੰਭਵ ਨਹੀਂ ਤਾਂ ਅਨੇਕਾਂ ਅਕਾਲੀ ਆਗੂਆਂ ਦੀ ਹਾਜ਼ਰੀ ਵਿਚ ਸੁਖਬੀਰ ਬਾਦਲ ਨੇ ਆਖਿਆ,''ਮਰੋ, ਦੂਜੇ ਜਥੇਦਾਰਾਂ ਦੇ ਦਸਤਖ਼ਤ ਫਿਰ ਹੋ ਜਾਣਗੇ, ਜਲਦੀ ਨਾਲ ਨਲਵੀ ਅਤੇ ਝੀਂਡਾ ਨੂੰ ਪੰਥ ਵਿਚੋਂ ਛੇਕਣ ਵਾਲੇ ਹੁਕਮਨਾਮੇ ਬਾਰੇ ਅਖ਼ਬਾਰਾਂ ਨੂੰ ਖ਼ਬਰ ਭੇਜ ਦਿਉ |''
ਬਲਵੰਤ ਸਿੰਘ ਰਾਮੂਵਾਲੀਆ ਮੁਤਾਬਕ ਜਦੋਂ ਉਸ ਨੇ ਸੁਖਬੀਰ ਬਾਦਲ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਨਲਵੀ ਅਤੇ ਝੀਂਡਾ ਦੇ ਵੱਡੇ ਵਡੇਰਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮਿ੍ਤ ਛਕਿਆ ਸੀ, ਪੀੜ੍ਹੀ ਦਰ ਪੀੜ੍ਹੀ ਸਾਰਾ ਪ੍ਰਵਾਰ ਸਿੱਖੀ ਨਾਲ ਜੁੜਿਆ ਹੋਇਆ ਹੈ | ਉਨ੍ਹਾਂ ਨੂੰ ਸਿੱਖੀ ਵਿਚੋਂ ਖ਼ਾਰਜ ਨਾ ਕਰੋ ਤਾਂ ਸੁਖਬੀਰ ਨੇ ਆਖਿਆ,''ਰਾਮੂਵਾਲੀਆ ਤੂੰ ਚੁੱਪ ਕਰ ਜਾ |'' ਮੈਂ ਚੁੱਪ ਕਰ ਗਿਆ ਤੇ ਹੋਰ ਕਿਸੇ ਵੀ ਅਕਾਲੀ ਆਗੂ ਨੇ ਕੁਸਕਣ ਦੀ ਜੁਰਅਤ ਤਕ ਨਾ ਕੀਤੀ | 'ਮੇਰੀ ਨਿਜੀ ਡਾਇਰੀ ਦੇ ਪੰਨਿਆਂ' ਵਾਲੇ ਕਾਲਮ ਦੀ ਗੱਲ ਅੱਗੇ ਤੋਰਦਿਆਂ ਸ੍ਰ. ਰਾਮੂਵਾਲੀਆ ਨੇ ਆਖਿਆ ਕਿ ਦੁਨੀਆਂ ਦੇ ਇਤਿਹਾਸ ਵਿਚ ਕਿਸੇ ਪੋਪ ਵਲੋਂ ਸਿਆਸੀ ਪਾਰਟੀਆਂ ਦੀ ਹਮਾਇਤ ਵਿਚ ਬਿਆਨ ਜਾਰੀ ਕਰਨ ਦੀ ਇਕ ਵੀ ਮਿਸਾਲ ਪੜ੍ਹਨ ਜਾਂ ਸੁਣਨ ਨੂੰ ਨਹੀਂ ਮਿਲਦੀ, ਮੱਕੇ-ਮਦੀਨੇ ਤੋਂ ਰਹਿਬਰ ਆਲਮ ਨੇ ਇਸ ਤਰ੍ਹਾਂ ਦਾ ਕਦੇ ਕੋਈ ਹੁਕਮ ਨਹੀਂ ਸੁਣਾਇਆ ਪਰ ਬਾਦਲਾਂ ਨੇ ਤਖ਼ਤਾਂ ਦੇ ਜਥੇਦਾਰਾਂ ਦੀ ਕਦਰ ਐਨੀ ਘਟਾ ਕੇ ਰੱਖ ਦਿਤੀ ਹੈ ਕਿ ਤਾਸ਼ ਦੇ ਪੱਤੇ ਤਾਂ 52 ਹਨ ਪਰ ਇਨ੍ਹਾਂ 'ਜਥੇਦਾਰਾਂ' ਦੇ ਹੁਕਮਨਾਮੇ 552 ਮੰਨੇ ਜਾ ਸਕਦੇ ਹਨ |
ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਕਾਲੀ ਫੂਲਾ ਸਿੰਘ ਬਣਨ ਦੀ ਨਸੀਅਤ ਦਿੰਦਿਆਂ ਆਖਿਆ ਕਿ ਜੇਕਰ 'ਜਥੇਦਾਰਾਂ' ਵਲੋਂ ਬਾਦਲਾਂ ਨੂੰ ਤਲਬ ਕਰ ਕੇ ਇਹ ਪੁੱਛਿਆ ਜਾਵੇ ਕਿ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਮਾਫ਼ੀ ਕਿਉਂ ਦਿਤੀ ਗਈ? ਉਸ ਮਾਫ਼ੀ ਨੂੰ ਸਹੀ ਠਹਿਰਾਉਣ ਲਈ 90 ਲੱਖ ਰੁਪਏ
ਤੋਂ ਜ਼ਿਆਦਾ ਦੀ ਰਾਸ਼ੀ ਇਸ਼ਤਿਹਾਰਬਾਜ਼ੀ 'ਤੇ ਕਿਉਂ ਖ਼ਰਚੀ ਗਈ ਤਾਂ 'ਜਥੇਦਾਰਾਂ' ਦਾ ਨਾਮ ਵੀ ਅਕਾਲੀ ਫੂਲਾ ਸਿੰਘ ਵਰਗੇ ਪੰਥ ਪ੍ਰਸਤ 'ਜਥੇਦਾਰਾਂ' ਦੀ ਕਤਾਰ ਵਿਚ ਸ਼ਾਮਲ ਹੋ ਜਾਵੇਗਾ | ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਕੁੰਵਰਵਿਜੈ ਪ੍ਰਤਾਪ ਸਿੰਘ ਗ੍ਰਹਿ ਮੰਤਰੀ ਬਣ ਕੇ ਆ ਗਿਆ ਤਾਂ ਸਾਰਾ ਸ਼ੀਸ਼ਾ ਸਾਹਮਣੇ ਆ ਜਾਵੇਗਾ ਕਿ ਕੁੰਵਰਵਿਜੈ ਪ੍ਰਤਾਪ ਸਿੰਘ ਦੀ ਐਸ.ਆਈ.ਟੀ. ਵਾਲੀਆਂ ਬੇਅਦਬੀ ਮਾਮਲਿਆਂ ਨਾਲ ਸਬੰਧਤ ਜਾਂਚ ਰਿਪੋਰਟਾਂ ਰੱਦ ਕਰਵਾਉਣ ਵਿਚ ਕਿਸ ਦਾ ਹੱਥ ਸੀ?
ਬਲਵੰਤ ਸਿੰਘ ਰਾਮੂਵਾਲੀਆ ਨੇ ਅਹਿਮ ਪ੍ਰਗਟਾਵਾ ਕਰਦਿਆਂ ਆਖਿਆ ਕਿ ਚੌਟਾਲਾ ਪ੍ਰਵਾਰ ਵਲੋਂ ਲਾਏ ਗਏ ਐਡਵੋਕੇਟ ਜਨਰਲ ਰਾਹੀਂ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਵਰਗਿਆਂ ਦੀਆਂ ਜ਼ਮਾਨਤਾਂ ਹੋਈਆਂ, ਬਾਦਲਾਂ ਨੇ ਸਿੱਖ ਸੰਗਤ ਨੂੰ ਗੁਮਰਾਹ ਕੀਤਾ, ਇਨ੍ਹਾਂ ਦੇ ਭਾਈਵਾਲ ਚੁੱਪ ਰਹੇ, ਪੰਥ ਨਾਲ ਕੀਤੀਆਂ ਗ਼ਦਾਰੀਆਂ ਦਾ ਜਵਾਬ ਬਾਦਲਾਂ ਨੂੰ ਸੰਗਤ ਦੀ ਕਚਹਿਰੀ ਵਿਚ ਦੇਣਾ ਪਵੇਗਾ | ਸ. ਰਾਮੂਵਾਲੀਆ ਨੇ ਅਫ਼ਸੋਸ ਪ੍ਰਗਟਾਇਆ ਕਿ ਮੋਹਾਲੀ ਦੇ ਇਤਿਹਾਸਕ ਗੁਰਦਵਾਰੇ 'ਅੰਬ ਸਾਹਿਬ' ਦੀ 6 ਏਕੜ ਜ਼ਮੀਨ ਉਸ 'ਮੌਲ' ਨੂੰ ਦੇ ਦਿਤੀ ਗਈ, ਜੋ ਗੁਰਦਵਾਰੇ ਦੀ ਜ਼ਮੀਨ ਵਿਚ ਨਗਨ ਲੜਕੀਆਂ ਦੇ ਡਾਂਸ ਕਰਵਾਵੇਗਾ | ਉਨ੍ਹਾਂ ਦਸਿਆ ਕਿ ਸ਼ੋ੍ਰਮਣੀ ਕਮੇਟੀ ਦੀ 22,000 ਏਕੜ ਜ਼ਮੀਨ ਵਿਚੋਂ 12 ਤੋਂ 18 ਹਜ਼ਾਰ ਏਕੜ ਜ਼ਮੀਨ ਬਾਦਲਾਂ ਨੇ ਅਪਣੇ ਰਿਸ਼ਤੇਦਾਰਾਂ ਤੇ ਚਹੇਤਿਆਂ ਨੂੰ 99 ਸਾਲਾ ਪਟੇ 'ਤੇ ਦੇ ਦਿਤੀ | ਤਖ਼ਤਾਂ ਦੇ ਜਥੇਦਾਰਾਂ, ਸ਼ੋ੍ਰਮਣੀ ਕਮੇਟੀ ਜਾਂ ਕਿਸੇ ਜਾਗਦੀ ਜ਼ਮੀਰ ਵਾਲੇ ਅਕਾਲੀ ਆਗੂ ਨੇ ਮੂੰਹ ਖੋਲ੍ਹਣ ਦੀ ਜ਼ਰੂਰਤ ਨਾ ਸਮਝੀ | ਪੰਜਾਬ ਪੁਲਿਸ ਵਿਚ 800 ਮੁੰਡੇ ਗ਼ੈਰ ਪੰਜਾਬੀ ਅਰਥਾਤ ਦੂਜੇ ਸੂਬਿਆਂ ਵਿਚੋਂ ਭਰਤੀ ਕੀਤਾ ਗਿਆ ਪਰ ਬਾਦਲ, ਕੈਪਟਨ, ਚੰਨੀ ਆਦਿਕ ਚੁੱਪ ਕਿਉਂ ਰਹੇ? ਚੰਡੀਗੜ੍ਹ ਵਿਚ ਹੋਣ ਵਾਲੀਆਂ ਭਰਤੀਆਂ 60-40 ਦੇ ਅਨੁਪਾਤ ਮੁਤਾਬਕ 60 ਫ਼ੀ ਸਦੀ ਪੰਜਾਬ ਅਤੇ 40 ਫ਼ੀ ਸਦੀ ਹਰਿਆਣੇ ਦੀ ਭਰਤੀ ਦੇ ਨਿਯਮਾ ਦੇ ਬਾਵਜੂਦ ਪਿਛਲੇ ਦਿਨੀਂ ਚੰਡੀਗੜ੍ਹ ਵਿਚ 200 ਕੰਡਕਟਰ ਭਰਤੀ ਕਰਨ ਵਿੱਚ 199 ਹਰਿਆਣੇ ਦੇ ਤੇ ਪੰਜਾਬ ਦਾ ਸਿਰਫ਼ 1 ਕੰਡਕਟਰ ਭਰਤੀ ਹੋਣ ਦੇ ਮਾਮਲੇ ਵਿਚ ਬਾਦਲ ਪ੍ਰਵਾਰ ਚੁੱਪ ਕਿਉਂ? ਉਨ੍ਹਾਂ ਪ੍ਰਵਾਰਵਾਦ ਨੂੰ ਬੜਾਵਾ ਦੇਣ, ਸਿੱਖੀ ਦਾ ਘਾਣ ਕਰਨ ਵਾਲੇ ਅਕਿ੍ਤਘਣ, ਪੰਜਾਬ-ਪੰਜਾਬੀ-ਪੰਜਾਬੀਅਤ ਦੇ ਗ਼ਦਾਰ, ਪੰਥ ਅਤੇ ਸਿੱਖ ਨੌਜਵਾਨੀ ਨਾਲ ਬੇਵਫਾਈ, ਸ਼ਰਾਬ ਤੇ ਡਰੱਗ ਸਮੇਤ ਹਰ ਤਰ੍ਹਾਂ ਦੇ ਮਾਫ਼ੀਏ, ਸ਼ੋ੍ਰਮਣੀ ਕਮੇਟੀ ਦੀਆਂ ਵੇਚੀਆਂ ਜਾਂ ਲੀਜ਼ 'ਤੇ ਦਿਤੀਆਂ ਜ਼ਮੀਨਾਂ ਆਦਿਕ ਜ਼ਿਆਦਤੀਆਂ ਅਤੇ ਧੱਕੇਸ਼ਾਹੀਆਂ ਸਬੰਧੀ ਬਾਦਲਾਂ ਨੂੰ ਮਾਫ਼ੀ ਮੰਗਣ ਦੀ ਨਸੀਅਤ ਦਿੰਦਿਆਂ ਆਖਿਆ ਕਿ ਜੇਕਰ ਬਾਦਲ ਅਜੇ ਵੀ ਨਾ ਸੰਭਲੇ ਤਾਂ ਆਉਣ ਵਾਲੀਆਂ ਕਈ ਪੁਸ਼ਤਾਂ ਵੀ ਉਨ੍ਹਾਂ ਨੂੰ ਮਾਫ਼ ਨਹੀਂ ਕਰਨਗੀਆਂ |