
ਭੁੱਲਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਬੱਸਾਂ ਦੀ ਖ਼ਰੀਦ ਅਤੇ ਪੰਜਾਬ ਤੋਂ ਬਾਹਰ ਦੂਜੇ ਸੂਬੇ ਵਿਚ ਬੱਸਾਂ ਦੀ ਬਾਡੀ ਲਗਵਾਉਣ ਸਬੰਧੀ ਕਈ ਸ਼ਿਕਾਇਤਾਂ ਮਿਲੀਆਂ ਹਨ।
ਚੰਡੀਗੜ੍ਹ: ਪੰਜਾਬ 'ਚ ਕਾਂਗਰਸ ਦੇ ਸਾਬਕਾ ਮੰਤਰੀਆਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਸੂਬੇ ਦੀ ਨਵੀਂ 'ਆਪ' ਸਰਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਪੁੱਛਗਿੱਛ ਕਰ ਸਕਦੀ ਹੈ। ਮਾਨ ਸਰਕਾਰ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਹਨਾਂ ਕਿਹਾ ਕਿ ਸਾਬਕਾ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਸਰਕਾਰੀ ਬੱਸਾਂ ਵਿਚ ਘਟੀਆ ਕੁਆਲਿਟੀ ਦੀ ਬਾਡੀ ਪਵਾਈ ਹੈ। ਭੁੱਲਰ ਨੇ ਕਿਹਾ ਕਿ ਜੇਕਰ ਕੋਈ ਗੜਬੜੀ ਪਾਈ ਗਈ ਤਾਂ ਸਰਕਾਰ ਸਖ਼ਤ ਕਾਰਵਾਈ ਕਰੇਗੀ। ਇਸ ਸਮੇਂ ਰਾਜਾ ਵੜਿੰਗ ਪੰਜਾਬ ਵਿਚ ਕਾਂਗਰਸ ਦੇ ਪ੍ਰਧਾਨ ਵੀ ਹਨ।
ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਸਰਕਾਰ ਵਿਚ ਟਰਾਂਸਪੋਰਟ ਮੰਤਰੀ ਸਨ। ਇਸ ਦੌਰਾਨ ਸਰਕਾਰ ਨੇ 825 ਨਵੀਆਂ ਬੱਸਾਂ ਦੀ ਖਰੀਦ ਕੀਤੀ ਸੀ। ਨਵੇਂ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦਾ ਕਹਿਣਾ ਹੈ ਕਿ ਇਹਨਾਂ ਬੱਸਾਂ ਦੀ ਬਾਡੀ ਜੈਪੁਰ ਤੋਂ ਬਣਵਾਈ ਗਈ ਸੀ। ਬੱਸਾਂ ਦੀ ਇਹ ਬਾਡੀ ਬਹੁਤ ਹੀ ਘਟੀਆ ਕੁਆਲਿਟੀ ਦੀ ਸੀ। ਉਹਨਾਂ ਸਵਾਲ ਕਰਦਿਆਂ ਕਿਹਾ ਕਿ ਜੈਪੁਰ ਤੋਂ ਹੀ ਬੱਸਾਂ ਦੀ ਬਾਡੀ ਕਿਉਂ ਬਣਵਾਈ? ਪੰਜਾਬ ਜਾਂ ਹਰਿਆਣਾ ਤੋਂ ਕਿਉਂ ਨਹੀਂ ਬਣਵਾਈ ਗਈ ਉਹਨਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਰਾਜਾ ਵੜਿੰਗ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਜਾਵੇਗੀ।
ਭੁੱਲਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਬੱਸਾਂ ਦੀ ਖ਼ਰੀਦ ਅਤੇ ਪੰਜਾਬ ਤੋਂ ਬਾਹਰ ਦੂਜੇ ਸੂਬੇ ਵਿਚ ਬੱਸਾਂ ਦੀ ਬਾਡੀ ਲਗਵਾਉਣ ਸਬੰਧੀ ਕਈ ਸ਼ਿਕਾਇਤਾਂ ਮਿਲੀਆਂ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਅਧਿਕਾਰੀਆਂ ਨੂੰ ਜਾਂਚ ਦਾ ਹੁਕਮ ਦਿੱਤੇ ਗਏ ਹਨ ਅਤੇ ਜਲਦੀ ਰਿਪੋਰਟ ਦੇਣ ਲਈ ਕਿਹਾ ਹੈ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਬੇੜੇ ਵਿਚ ਸ਼ਾਮਲ ਹੋਈਆਂ 825 ਬੱਸਾਂ ਬਾਰੇ ਕਈ ਸ਼ਿਕਾਇਤਾਂ ਮਿਲ ਚੁੱਕੀਆਂ ਹਨ।
ਮੁਲਾਜ਼ਮ ਅਤੇ ਅਧਿਕਾਰੀ ਜਿੱਥੇ ਇਹਨਾਂ ਬੱਸਾਂ ’ਤੇ ਲੱਗੀ ਬਾਡੀ ਵਿਚ ਨੁਕਸ ਦੱਸ ਰਹੇ ਹਨ, ਉਥੇ ਹੀ ਕੁੱਝ ਸ਼ਿਕਾਇਤਾਂ ਇਹਨਾਂ ਬੱਸਾਂ ਦੀ ਖ਼ਰੀਦ ਵਿਚ ਗੜਬੜੀ ਸਬੰਧੀ ਵੀ ਮਿਲੀਆਂ ਹਨ। ਉਹਨਾਂ ਕਿਹਾ ਕਿ ਸ਼ਿਕਾਇਤਾਂ ਵਿਚ ਕਿਹਾ ਗਿਆ ਹੈ ਕਿ ਜਿਸ ਤਰ੍ਹਾਂ ਦੀ ਬਾਡੀ ਰਾਜਸਥਾਨ ਤੋਂ ਤਕਰੀਬਨ 12 ਲੱਖ ਰੁਪਏ ਦੇ ਖ਼ਰਚ ’ਤੇ ਲਗਵਾਈ ਗਈ ਹੈ, ਉਹੀ ਬਾਡੀ ਪੰਜਾਬ ਵਿਚ ਕੰਮ ਕਰਨ ਵਾਲੇ 8-9 ਲੱਖ ਰੁਪਏ ਵਿਚ ਲਗਾਉਣ ਲਈ ਤਿਆਰ ਹਨ।