
ਅੱਜ ਕੁੱਲ 16,21,759 ਵੋਟਰ ਅਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ
ਜਲੰਧਰ - ਅੱਜ ਜਲੰਧਰ ਜ਼ਿਮਨੀ ਚੋਣ ਲਈ ਵੋਟਿੰਗ ਹੋਣੀ ਹੈ ਤੇ 13 ਮਈ ਨੂੰ ਚੋਣ ਦੇ ਨਤੀਜੇ ਆਉਣਗੇ। ਸਾਰੀਆਂ ਪਾਰਟੀਆਂ ਨੇ ਅਪਣੀ ਪੂਰੀ ਤਾਕਤ ਲਗਾ ਕੇ ਚੋਣ ਪ੍ਰਚਾਰ ਕੀਤਾ ਸੀ ਤੇ ਅੱਜ ਕਿਸੇ ਇਕ ਪਾਰਟੀ ਦੀ ਕਿਸਮਤ ਤੈਅ ਹੋ ਜਾਵੇਗੀ। ਅੱਜ ਕੁੱਲ 16,21,759 ਵੋਟਰ ਅਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ, ਜਿਨ੍ਹਾਂ ਵਿਚ 8,44,904 ਪੁਰਸ਼, 7,76,855 ਔਰਤਾਂ, 10,286 ਦਿਵਿਆਂਗ ਵਿਅਕਤੀ, 1850 ਸਰਵਿਸ ਵੋਟਰ, 73 ਵਿਦੇਸ਼ੀ/ਪ੍ਰਵਾਸੀ ਵੋਟਰ ਅਤੇ 41 ਟਰਾਂਸਜੈਂਡਰ ਹਨ। ਕੁੱਲ 19 ਉਮੀਦਵਾਰ ਚੋਣ ਮੈਦਾਨ ਵਿਚ ਹਨ ਜਿਨ੍ਹਾਂ ਵਿਚ 15 ਪੁਰਸ਼ ਅਤੇ 4 ਔਰਤਾਂ ਹਨ।
ਕੁੱਲ 19 ਉਮੀਦਵਾਰਾਂ ਵਿਚੋਂ ਤਿੰਨ ਕੌਮੀ ਪਾਰਟੀਆਂ ਦੇ, ਇਕ ਸੂਬਾਈ ਪਾਰਟੀ ਤੋਂ, ਸੱਤ ਗੈਰ-ਮਾਨਤਾ ਪ੍ਰਾਪਤ ਪਾਰਟੀਆਂ ਤੋਂ ਜਦਕਿ ਅੱਠ ਆਜ਼ਾਦ ਉਮੀਦਵਾਰ ਹਨ। ਚੋਣ ਲੜ ਰਹੇ ਪੰਜ ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਹਨ। ਜ਼ਿਕਰਯੋਗ ਹੈ ਕਿ 1972 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ ਅਤੇ ਸਾਰੇ ਪੋਲਿੰਗ ਸਟੇਸ਼ਨਾਂ ਦੀ ਵੈਬਕਾਸਟਿੰਗ ਕੀਤੀ ਗਈ ਹੈ। 3 ਤੋਂ ਵੱਧ ਪੋਲਿੰਗ ਸਟੇਸ਼ਨ ਵਾਲੀਆਂ ਥਾਵਾਂ ਜੋ ਕਿ ਜਲੰਧਰ ਸੰਸਦੀ ਹਲਕੇ ਵਿਚ ਕੁੱਲ 166 ਹਨ, ਦੇ ਪੋਲਿੰਗ ਸਟੇਸ਼ਨਾਂ ਦੇ ਬਾਹਰ ਵਾਧੂ ਕੈਮਰੇ ਵੀ ਲਗਾਏ ਗਏ ਹਨ। ਵੋਟਾਂ ਦਾ ਨਤੀਜਾ 13 ਮਈ ਨੂੰ ਆਵੇਗਾ ਤੇ ਉਸ ਦਿਨ ਹੀ ਪਤਾ ਲੱਗੇਗਾ ਕਿ ਕਿਸਦਾ ਜ਼ੋਰ ਕੰਮ ਆਇਆ ਹੈ।