
ਨੌਜਵਾਨ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਜੇਲ੍ਹ ਤੋਂ ਰਿਹਾਅ ਨਾ ਹੋ ਸਕਿਆ।
ਰੂਪਨਗਰ - ਸਾਊਦੀ ਅਰਬ ਦੀ ਜੇਲ੍ਹ ’ਚੋਂ ਰਿਹਾਅ ਹੋ ਕੇ ਪੰਜਾਬ ਦਾ ਨੌਜਵਾਨ ਵਾਪਸ ਅਪਣੇ ਘੜ ਪਰਤ ਆਇਆ ਹੈ। ਇਹ ਨੌਜਵਾਨ 2020 ਵਿਚ ਰੋਜ਼ੀ-ਰੋਟੀ ਲਈ ਸਾਊਦੀ ਅਰਬ ਗਿਆ ਸੀ ਜਿੱਥੇ ਉਹ ਇਕ ਕੰਪਨੀ ਦੀ ਗੱਡੀ ਚਲਾਉਂਦਾ ਸੀ, ਜੋ ਅਚਾਨਕ ਚੋਰੀ ਹੋ ਗਈ। ਇਸ ਮਗਰੋਂ ਸਾਊਦੀ ਅਰਬ ਦੀ ਪੁਲਿਸ ਨੇ ਉਸ ਨੂੰ 11 ਅਗਸਤ 2021 ਨੂੰ ਜੇਲ੍ਹ ਭੇਜ ਦਿੱਤਾ ਅਤੇ ਕਾਜ਼ੀ ਨੇ ਇੱਕ ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ ਸੀ ਪਰ ਉਹ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਜੇਲ੍ਹ ਤੋਂ ਰਿਹਾਅ ਨਾ ਹੋ ਸਕਿਆ।
ਨੌਜਵਾਨ ਹਰਪ੍ਰੀਤ ਸਿੰਘ, ਪੁੱਤਰ ਜਰਨੈਲ ਸਿੰਘ ਪਿੰਡ ਰਾਏਪੁਰ ਮੁੰਨੇ ਦਾ ਰਹਿਣ ਵਾਲਾ ਹੈ। ਇਸ ਸਬੰਧੀ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੇ ਸੇਵਾਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਮਾਰਚ ਮਹੀਨੇ ਐੱਸਡੀਐੱਮ ਰੂਪਨਗਰ ਹਰਬੰਸ ਸਿੰਘ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਿਖੇ ਮੱਥਾ ਟੇਕਣ ਆਏ ਸਨ। ਇੱਥੇ ਉਸ ਨੇ ਐੱਸਡੀਐੱਮ ਨੂੰ ਆਪਣੀ ਵਿੱਥਿਆ ਸੁਣਾਈ। ਇਸ ਮਗਰੋਂ ਐੱਸਡੀਐੱਮ ਨੇ ਡਿਪਟੀ ਕਮਿਸ਼ਨਰ ਰੂਪਨਗਰ ਅਤੇ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸ.ਪੀ. ਉਬਰਾਏ ਨਾਲ ਗੱਲਬਾਤ ਕੀਤੀ ਅਤੇ ਉਸ ਦੇ ਪੁੱਤਰ ਹਰਪ੍ਰੀਤ ਸਿੰਘ ਨੂੰ ਸਾਊਦੀ ਅਰਬ ਦੀ ਜੇਲ੍ਹ ਵਿੱਚੋਂ ਰਿਹਾਅ ਕਰਵਾ ਦਿੱਤਾ।
ਡਾ. ਐੱਸ.ਪੀ. ਸਿੰਘ ਉਬਰਾਏ ਨੇ ਦੱਸਿਆ ਕਿ ਐੱਸਡੀਐੱਮ ਹਰਬੰਸ ਸਿੰਘ ਨੇ ਉਨ੍ਹਾਂ ਨਾਲ ਕਿਸੇ ਤਰ੍ਹਾਂ ਤਾਲਮੇਲ ਕਰਕੇ ਦੱਸਿਆ ਕਿ ਇੱਕ ਬਹੁਤ ਹੀ ਗਰੀਬ ਪਰਿਵਾਰ ਦਾ ਲੜਕਾ ਕਿਸੇ ਮਾਮੂਲੀ ਗਲਤੀ ਕਾਰਨ ਸਾਊਦੀ ਅਰਬ ਦੀ ਜੇਲ੍ਹ ਵਿੱਚ ਬੰਦ ਹੈ। ਉਹ ਕਾਜ਼ੀ ਵੱਲੋਂ ਦਿੱਤੀ ਗਈ ਸਜ਼ਾ ਨਾਲੋਂ ਵੀ ਲਗਭਗ ਦੁੱਗਣੀ ਸਜ਼ਾ ਭੁਗਤ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਐੱਸਡੀਐੱਮ ਰੂਪਨਗਰ ਵੱਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਦੇ ਆਧਾਰ ’ਤੇ ਉਨ੍ਹਾਂ ਦੀ ਸੰਸਥਾ ਨੇ ਤੁਰੰਤ ਕਾਰਵਾਈ ਸ਼ੁਰੂ ਕਰਦਿਆਂ ਨੌਜਵਾਨ ਨੂੰ ਜੇਲ੍ਹ ਤੋਂ ਰਿਹਾਅ ਕਰਵਾ ਕੇ ਭਾਰਤ ਵਾਪਸ ਲਿਆਂਦਾ ਹੈ। ਐੱਸਡੀਐੱਮ ਹਰਬੰਸ ਸਿੰਘ ਨੇ ਨੌਜਵਾਨ ਦੇ ਘਰ ਪਰਤਣ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਡੀਸੀ ਅਤੇ ਡਾ. ਐੱਸਪੀ ਸਿੰਘ ਦਾ ਧੰਨਵਾਦ ਕੀਤਾ ਹੈ।