
ਦਸੂਹਾ ਤਲਵਾੜਾ ਮੁੱਖ ਸੜਕ ’ਤੇ ਪਿੰਡ ਨੰਗਲ ਬਿਹਾਲਾਂ ਨੇੜੇ ਇਹ ਤੀਜਾ ਹਾਦਸਾ ਹੈ, ਜੋ ਓਵਰਲੋਡ ਟਰਾਲੀਆਂ ਕਾਰਨ ਵਾਪਰਿਆ ਹੈ
Hoshiarpur Road Accident : ਹੁਸ਼ਿਆਰਪੁਰ ਦੇ ਦਸੂਹਾ ਤਲਵਾੜਾ ਮੁੱਖ ਮਾਰਗ 'ਤੇ ਪਰਾਲੀ ਨਾਲ ਭਰੀ ਓਵਰਲੋਡ ਟਰੈਕਟਰ ਟਰਾਲੀ ਅਤੇ ਸਵਿਫਟ ਕਾਰ ਵਿਚਾਲੇ ਹੋਈ ਟੱਕਰ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ,ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ 10 ਵਜੇ ਦੇ ਕਰੀਬ ਹਾਜੀਪੁਰ ਵੱਲੋਂ ਆ ਰਹੀ ਸਵਿਫਟ ਕਾਰ ਅਤੇ ਦਸੂਹਾ ਵੱਲੋਂ ਆ ਰਹੀ ਇੱਕ ਓਵਰਲੋਡ ਟਰਾਲੀ ਵਿਚਕਾਰ ਟੱਕਰ ਹੋ ਗਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਟੁੱਟ ਗਈ ਅਤੇ ਡਰਾਈਵਰ ਕਾਰ ਵਿਚ ਬੁਰੀ ਤਰ੍ਹਾਂ ਫਸ ਗਿਆ, ਜਿਸ ਨੂੰ ਸਥਾਨਕ ਲੋਕਾਂ ਨੇ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ। ਕਾਰ ਵਿੱਚ ਸਵਾਰ ਦੋਵੇਂ ਵਿਅਕਤੀ ਸਕੇ ਭਰਾ ਹਨ ਅਤੇ ਦਵਾਈ ਲੈਣ ਲਈ ਹਾਜੀਪੁਰ ਵੱਲ ਜਾ ਰਹੇ ਸੀ। ਜਦੋਂ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ।
ਦੱਸਿਆ ਜਾ ਰਿਹਾ ਹੈ ਕਿ ਕਾਰ ਵਿੱਚ ਕੁੱਲ 2 ਲੋਕ ਸਵਾਰ ਸਨ। ਕਾਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 75 ਸਾਲਾ ਭੁਪਿੰਦਰ ਸਿੰਘ ਵਾਸੀ ਪਿੰਡ ਮਾਨਗੜ੍ਹ ਵਜੋਂ ਹੋਈ ਹੈ ਅਤੇ ਦੂਜੇ ਦੀ ਪਛਾਣ ਕਮਲਜੀਤ ਸਿੰਘ ਵਜੋਂ ਹੋਈ ਹੈ, ਜੋ ਗੰਭੀਰ ਜ਼ਖ਼ਮੀ ਹੈ।
ਸਥਾਨਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਓਵਰਲੋਡ ਟਰਾਲੀਆਂ 'ਤੇ ਜਲਦ ਤੋਂ ਜਲਦ ਸ਼ਿਕੰਜਾ ਕੱਸਿਆ ਜਾਵੇ, ਨਹੀਂ ਤਾਂ ਭਵਿੱਖ 'ਚ ਇਨ੍ਹਾਂ ਦੀ ਵਜ੍ਹਾ ਨਾਲ ਕਿਸੇ ਹੋਰ ਦੀ ਕੀਮਤੀ ਜਾਨ ਵੀ ਜਾ ਸਕਦੀ ਹੈ। ਦੱਸ ਦੇਈਏ ਕਿ ਦਸੂਹਾ ਤਲਵਾੜਾ ਮੁੱਖ ਸੜਕ ’ਤੇ ਪਿੰਡ ਨੰਗਲ ਬਿਹਾਲਾਂ ਨੇੜੇ ਇਹ ਤੀਜਾ ਹਾਦਸਾ ਹੈ, ਜੋ ਓਵਰਲੋਡ ਟਰਾਲੀਆਂ ਕਾਰਨ ਵਾਪਰਿਆ ਹੈ।