
US News : ਅਮਰੀਕਾ ਦਾ ਕਹਿਣਾ ਹੈ ਕਿ ਉਸ ਨੇ ਜੰਗਬੰਦੀ 'ਚ ਵਿਚੋਲਗੀ ਕੀਤੀ ਸੀ
US News in Punjabi : ਭਾਰਤ ਅਤੇ ਪਾਕਿਸਤਾਨ ਚਾਰ ਦਿਨਾਂ ਤੋਂ ਚਲ ਰਹੇ ਟਕਰਾਅ ਤੋਂ ਬਾਅਦ ਜੰਗਬੰਦੀ ਲਈ ਰਾਜ਼ੀ ਹੋ ਗਏ ਹਨ। ਦੋਹਾਂ ਦੇਸ਼ਾਂ ਵਿਚਕਾਰ ਸਨਿਚਰਵਾਰ ਸ਼ਾਮ 5 ਵਜੇ ਤੋਂ ਬਾਅਦ ਜੰਗਬੰਦੀ ਹੋ ਗਈ। ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਅਮਰੀਕਾ ਦੀ ਵਿਚੋਲਗੀ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਪੂਰੀ ਤਰ੍ਹਾਂ ਅਤੇ ਤੁਰੰਤ ਜੰਗਬੰਦੀ 'ਤੇ ਸਹਿਮਤ ਹੋ ਗਏ ਹਨ। ਅਮਰੀਕਾ ਦੀ ਕਥਿਤ ਦਖਲਅੰਦਾਜ਼ੀ 'ਚ ਜੰਗਬੰਦੀ ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਵੱਲੋਂ ਇਕ-ਦੂਜੇ ਦੇ ਫੌਜੀ ਟਿਕਾਣਿਆਂ 'ਤੇ ਹਮਲਾ ਕਰਨ ਦੇ ਕੁਝ ਘੰਟਿਆਂ ਬਾਅਦ ਹੋਈ ਹੈ।
ਅਮਰੀਕੀ ਰਾਸ਼ਟਰਪਤੀ ਨੇ ਸਭ ਤੋਂ ਪਹਿਲਾਂ ਟਰੂਥ ਸੋਸ਼ਲ 'ਤੇ ਇਕ ਪੋਸਟ 'ਚ ਐਲਾਨ ਕੀਤਾ, ‘‘ਅਮਰੀਕਾ ਦੀ ਵਿਚੋਲਗੀ 'ਚ ਲੰਬੀ ਰਾਤ ਦੀ ਗੱਲਬਾਤ ਤੋਂ ਬਾਅਦ ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਪੂਰੀ ਤਰ੍ਹਾਂ ਅਤੇ ਤੁਰੰਤ ਜੰਗਬੰਦੀ 'ਤੇ ਸਹਿਮਤ ਹੋ ਗਏ ਹਨ। ਆਮ ਸਮਝ ਅਤੇ ਮਹਾਨ ਬੁੱਧੀ ਦੀ ਵਰਤੋਂ ਕਰਨ ਲਈ ਦੋਵਾਂ ਦੇਸ਼ਾਂ ਨੂੰ ਵਧਾਈ। ਇਸ ਮਾਮਲੇ ਵੱਲ ਤੁਹਾਡੇ ਧਿਆਨ ਲਈ ਤੁਹਾਡਾ ਧੰਨਵਾਦ!’’
ਟਰੰਪ ਨੇ ਇਹ ਐਲਾਨ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸ਼ਾਕ ਡਾਰ ਅਤੇ ਪਾਕਿਸਤਾਨੀ ਫੌਜ ਮੁਖੀ ਜਨਰਲ ਅਸੀਮ ਮੁਨੀਰ ਨਾਲ ਗੱਲਬਾਤ ਤੋਂ ਬਾਅਦ ਕੀਤਾ। ਰੂਬੀਓ ਨੇ ਵੀ ਐਕਸ 'ਤੇ ਅਜਿਹਾ ਹੀ ਬਿਆਨ ਦਿੱਤਾ।
ਉਨ੍ਹਾਂ ਕਿਹਾ, ‘‘ਪਿਛਲੇ 48 ਘੰਟਿਆਂ 'ਚ ਉਪ ਰਾਸ਼ਟਰਪਤੀ ਵਾਂਸ ਅਤੇ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ਾਹਬਾਜ਼ ਸ਼ਰੀਫ, ਵਿਦੇਸ਼ ਮੰਤਰੀ ਸੁਬਰਾਮਣੀਅਮ ਜੈਸ਼ੰਕਰ, ਫੌਜ ਮੁਖੀ ਅਸੀਮ ਮੁਨੀਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਅਸੀਮ ਮਲਿਕ ਸਮੇਤ ਸੀਨੀਅਰ ਭਾਰਤੀ ਅਤੇ ਪਾਕਿਸਤਾਨੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ।’’
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਤੁਰੰਤ ਜੰਗਬੰਦੀ ਲਈ ਸਹਿਮਤ ਹੋ ਗਈਆਂ ਹਨ ਅਤੇ ਨਿਰਪੱਖ ਸਥਾਨ 'ਤੇ ਵਿਆਪਕ ਮੁੱਦਿਆਂ 'ਤੇ ਗੱਲਬਾਤ ਸ਼ੁਰੂ ਕਰਨ ਲਈ ਸਹਿਮਤ ਹੋ ਗਈਆਂ ਹਨ। ਉਨ੍ਹਾਂ ਕਿਹਾ, ‘‘ਅਸੀਂ ਸ਼ਾਂਤੀ ਦਾ ਰਸਤਾ ਚੁਣਨ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਸ਼ਰੀਫ ਦੀ ਬੁੱਧੀ, ਸੂਝ-ਬੂਝ ਅਤੇ ਰਾਜਨੀਤੀ ਦੀ ਸ਼ਲਾਘਾ ਕਰਦੇ ਹਾਂ।’’
ਜਦਕਿ ਨਵੀਂ ਦਿੱਲੀ ਵਿਚ ਸਰਕਾਰੀ ਸੂਤਰਾਂ ਨੇ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਗੋਲੀਬਾਰੀ ਰੋਕਣ ਅਤੇ ਫੌਜੀ ਕਾਰਵਾਈ ਨੂੰ ਰੋਕਣ ਲਈ ਸਿੱਧੇ ਤੌਰ 'ਤੇ ਦੋਵਾਂ ਦੇਸ਼ਾਂ ਵਿਚਾਲੇ ਕੰਮ ਕੀਤਾ ਗਿਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਦੇ ਡੀ.ਜੀ.ਐਮ.ਓ. ਨੇ ਅੱਜ ਦੁਪਹਿਰ ਫੋਨ ਕਰਨਾ ਸ਼ੁਰੂ ਕੀਤਾ, ਜਿਸ ਤੋਂ ਬਾਅਦ ਵਿਚਾਰ-ਵਟਾਂਦਰੇ ਹੋਏ ਅਤੇ ਸਹਿਮਤੀ ਬਣੀ। ਇਸਲਾਮਾਬਾਦ ਵਿਚ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਵੀ ਤੁਰੰਤ ਪ੍ਰਭਾਵ ਨਾਲ ਜੰਗਬੰਦੀ ਦੀ ਪੁਸ਼ਟੀ ਕੀਤੀ।
— Donald J. Trump (@realDonaldTrump) May 10, 2025
ਡਾਰ ਨੇ ਐਕਸ 'ਤੇ ਇਕ ਪੋਸਟ ਵਿਚ ਕਿਹਾ, ‘‘ਪਾਕਿਸਤਾਨ ਅਤੇ ਭਾਰਤ ਤੁਰੰਤ ਪ੍ਰਭਾਵ ਨਾਲ ਜੰਗਬੰਦੀ 'ਤੇ ਸਹਿਮਤ ਹੋ ਗਏ ਹਨ। ਪਾਕਿਸਤਾਨ ਨੇ ਹਮੇਸ਼ਾ ਆਪਣੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨਾਲ ਸਮਝੌਤਾ ਕੀਤੇ ਬਿਨਾਂ ਖੇਤਰ ਵਿਚ ਸ਼ਾਂਤੀ ਅਤੇ ਸੁਰੱਖਿਆ ਲਈ ਯਤਨ ਕੀਤੇ ਹਨ।’’
(For more news apart from Trump makes big announcement on India-Pakistan, both countries are fully ready for ceasefire News in Punjabi, stay tuned to Rozana Spokesman)