 
          	ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਿਹਾ ਹੈ ਕਿ ਜੀਵਨ ਸਾਥੀ ਦੇ ਨਾਲ ਜ਼ਬਰਦਸਤੀ ਸਬੰਧ ਬਣਾਉਣ ਅਤੇ ਗੈਰ ਕੁਦਰਤੀ ਤਰੀਕੇ ਅਪਣਾਉਣਾ ਤਲਾਕ ਦਾ ....
ਚੰਡੀਗੜ੍ਹ,ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਿਹਾ ਹੈ ਕਿ ਜੀਵਨ ਸਾਥੀ ਦੇ ਨਾਲ ਜ਼ਬਰਦਸਤੀ ਸਬੰਧ ਬਣਾਉਣ ਅਤੇ ਗੈਰ ਕੁਦਰਤੀ ਤਰੀਕੇ ਅਪਣਾਉਣਾ ਤਲਾਕ ਦਾ ਆਧਾਰ ਹੋ ਸਕਦਾ ਹੈ। ਹਾਈਕੋਰਟ ਨੇ ਹਾਲ ਹੀ ਵਿਚ ਬਠਿੰਡਾ ਨਿਵਾਸੀ ਇਕ ਔਰਤ ਦੀ ਉਸ ਅਰਜ਼ੀ ਨੂੰ ਸਵੀਕਾਰ ਕਰ ਲਿਆ, ਜਿਸ ਵਿਚ ਉਸ ਨੇ ਲਗਭਗ ਚਾਰ ਸਾਲ ਪੁਰਾਣੇ ਅਪਣੇ ਵਿਆਹ ਨੂੰ ਖ਼ਤਮ ਕਰਨ ਦੀ ਬੇਨਤੀ ਕੀਤੀ ਸੀ।
ਇਸ ਤੋਂ ਪਹਿਲਾਂ ਹੇਠਲੀ ਅਦਾਲਤ ਨੇ ਉਸ ਦੀ ਅਰਜ਼ੀ ਨੂੰ ਖ਼ਾਰਜ ਕਰ ਦਿਤਾ ਸੀ। ਹੇਠਲੀ ਅਦਾਲਤ ਨੇ ਕਿਹਾ ਸੀ ਕਿ ਇਹ ਸਾਬਤ ਕਰਨਾ ਔਰਤ ਦਾ ਕੰਮ ਹੈ ਕਿ ਉਸ ਦੇ ਪਤੀ ਨੇ ਉਸ ਦੀ ਇੱਛਾ ਦੇ ਉਲਟ ਉਸ ਨਾਲ ਗ਼ੈਰ ਕੁਦਰਤੀ ਸਬੰਧ ਬਣਾਏ। ਅਦਾਲਤ ਨੇ ਕਿਹਾ ਸੀ ਕਿ ਮਹਿਲਾ ਨੇ ਕਿਸੇ ਮੈਡੀਕਲ ਸਬੂਤ ਜਾਂ ਕਿਸੇ ਖ਼ਾਸ ਉਦਾਹਰਨ ਦਾ ਜ਼ਿਕਰ ਨਹੀਂ ਕੀਤਾ ਹੈ।
ਜਸਟਿਸ ਐਮਐਮਐਸ ਬੇਦੀ ਅਤੇ ਜਸਟਿਸ ਹਰਿਪਾਲ ਵਰਮਾ ਦੀ ਬੈਂਚ ਨੇ ਇਕ ਅਪਣੇ ਫ਼ੈਸਲੇ ਵਿਚ ਕਿਹਾ ਕਿ ਸਾਨੂੰ ਲਗਦਾ ਹੈ ਕਿ ਅਰਜ਼ੀਕਰਤਾ ਦੇ ਦਾਅਵੇ ਨੂੰ ਗ਼ਲਤ ਤਰੀਕੇ ਨਾਲ ਖ਼ਾਰਜ ਕੀਤਾ ਗਿਆ ਹੈ। ਇਸ ਨੇ ਕਿਹਾ ਕਿ ਗ਼ੈਰਕੁਦਰਤੀ ਯੌਨ ਸਬੰਧ, ਜ਼ਬਰੀ ਸਬੰਧ ਵਰਗੇ ਘਿਨਾਉਣੇ ਤਰੀਕੇ ਜੋ ਜੀਵਨ ਸਾਥੀ 'ਤੇ ਕੀਤੇ ਜਾਣ ਅਤੇ ਜਿਸ ਦਾ ਨਤੀਜਾ ਇਸ ਹੱਦ ਤਕ ਅਸਹਿਣਯੋਗ ਦਰਦ ਦੇ ਰੂਪ ਵਿਚ ਨਿਕਲੇ ਕਿ ਕੋਈ ਵਿਅਕਤੀ ਅਲੱਗ ਹੋਣ ਲਈ ਮਜਬੂਰ ਹੋ ਜਾਵੇ, ਨਿਸ਼ਚਿਤ ਤੌਰ 'ਤੇ ਤਲਾਕ ਦਾ ਆਧਾਰ ਹੋਵੇਗਾ।
ਔਰਤ ਨੇ ਦੋਸ਼ ਲਗਾਇਆ ਸੀ ਕਿ ਅਪਣੀ ਕਾਮ ਵਾਸਨਾ ਪੂਰੀ ਕਰਨ ਲਈ ਉਸ ਦਾ ਪਤੀ ਉਸ ਨੂੰ ਅਕਸਰ ਕੁੱਟਦਾ ਸੀ ਅਤੇ ਗ਼ੈਰ ਕੁਦਰਤੀ ਯੌਨ ਸਬੰਧ ਬਣਾਉਂਦਾ ਸੀ। ਹਾਈਕੋਰਟ ਨੇ ਅਪਣੇ ਫ਼ੈਸਲੇ ਵਿਚ ਕਿਹਾ ਕਿ ਔਰਤ ਵਲੋਂ ਲਗਾਏ ਗਏ ਦੋਸ਼ ਗੰਭੀਰ ਪ੍ਰਕਿਰਿਤੀ ਦੇ ਹਨ। ਅਦਾਲਤ ਨੇ ਕਿਹਾ ਕਿ ਇਹ ਦੋਸ਼ ਕਿਸੇ ਪ੍ਰਮਾਣਕ ਸਬੂਤ ਨਾਲ ਸਾਬਤ ਨਹੀਂ ਕੀਤੇ ਜਾ ਸਕਦੇ ਕਿਉਂਕਿ ਇਸ ਤਰ੍ਹਾਂ ਦੇ ਕਾਰੇ ਕਿਸੇ ਹੋਰ ਵਿਅਕਤੀ ਵਲੋਂ ਦੇਖੇ ਨਹੀਂ ਜਾਂਦੇ ਜਾਂ ਹਮੇਸ਼ਾ ਮੈਡੀਕਲ ਸਬੂਤਾਂ ਤੋਂ ਪ੍ਰਮਾਣਤ ਨਹੀਂ ਕੀਤੇ ਜਾ ਸਕਦੇ।
ਬੈਂਚ ਨੇ ਕਿਹਾ ਕਿ ਇਸ ਸਬੰਧੀ ਕੋਈ ਸ਼ੱਕ ਨਹੀਂ ਹੈ ਕਿ ਇਸ ਤਰ੍ਹਾਂ ਦੇ ਦੋਸ਼ ਲਗਾਉਣਾ ਬਹੁਤ ਆਸਾਨ ਅਤੇ ਸਾਬਤ ਕਰਨਾ ਬਹੁਤ ਔਖਾ ਹੈ। ਹਾਈ ਕੋਰਟ ਨੇ ਕਿਹਾ ਕਿ ਕਿਸੇ ਵੀ ਅਦਾਲਤ ਨੂੰ ਇਸ ਤਰ੍ਹਾਂ ਦੇ ਦੋਸ਼ ਸਵੀਕਾਰ ਕਰਨ ਤੋਂ ਪਹਿਲਾਂ ਹਮੇਸ਼ਾਂ ਚੌਕਸ ਰਹਿਣਾ ਚਾਹੀਦਾ ਹੈ ਪਰ ਨਾਲ ਹੀ ਮਾਮਲੇ ਦੇ ਹਾਲਾਤਾਂ ਨੂੰ ਵੀ ਦੇਖਿਆ ਜਾਣਾ ਚਾਹੀਦਾ ਹੈ।
ਬੈਂਚ ਨੇ ਕਿਹਾ ਕਿ ਰਿਕਾਰਡ ਵਿਚ ਉਪਲਬਧ ਹਾਲਾਤ ਸੰਕੇਤ ਦਿੰਦੇ ਹਨ ਕਿ ਅਰਜ਼ੀਕਰਤਾ ਨੇ ਅਸਿਹਣਯੋਗ ਹਾਲਾਤਾਂ ਵਿਚ ਵਿਆਹੁਤਾ ਘਰ ਛੱਡਿਆ।
ਅਦਾਲਤ ਨੇ ਕਿਹਾ ਕਿ ਵਰਤਮਾਨ ਮਾਮਲੇ ਵਿਚ ਸਥਾਪਿਤ ਕਰੂਰਤਾ ਮਾਨਸਿਕ ਹੋਣ ਦੇ ਨਾਲ ਹੀ ਸਰੀਰਕ ਵੀ ਹੈ। ਅਦਾਲਤ ਨੇ ਕਿਹਾ ਕਿ ਤਲਾਕ ਦੇ ਆਦੇਸ਼ ਦੇ ਜ਼ਰੀਏ ਵਿਆਹ ਖ਼ਤਮ ਕੀਤਾ ਜਾਂਦਾ ਹੈ। (ਏਜੰਸੀਆਂ)
 
                     
                
 
	                     
	                     
	                     
	                     
     
     
     
     
                     
                     
                     
                     
                    