
ਰੋਨਾ ਮਹਾਂਮਾਰੀ ਕਾਰਨ ਅਰਬ ਦੇਸ਼ ਕੁਵੈਤ ਵਿਚ ਵੀ ਪੰਜਾਬ ਦੇ ਕਰੀਬ 600 ਤੋਂ ਵੱਧ ਨੌਜਵਾਨ ਜੋ ਰੁਜ਼ਗਾਰ ਲਈ ਗਏ ਹੋਏ ਸਨ ਉਹ ਉਥੇ ਫਸੇ ਬੈਠੇ ਹਨ
ਮਾਛੀਵਾੜਾ, 9 ਜੂਨ (ਭੂਸ਼ਣ ਜੈਨ) : ਕਰੋਨਾ ਮਹਾਂਮਾਰੀ ਕਾਰਨ ਅਰਬ ਦੇਸ਼ ਕੁਵੈਤ ਵਿਚ ਵੀ ਪੰਜਾਬ ਦੇ ਕਰੀਬ 600 ਤੋਂ ਵੱਧ ਨੌਜਵਾਨ ਜੋ ਰੁਜ਼ਗਾਰ ਲਈ ਗਏ ਹੋਏ ਸਨ ਉਹ ਉਥੇ ਫਸੇ ਬੈਠੇ ਹਨ ਅਤੇ ਇਨ੍ਹਾਂ ਵਿਅਕਤੀਆਂ ਵਲੋਂ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਰਾਹੀਂ ਕੇਂਦਰ ਤੇ ਪੰਜਾਬ ਸਰਕਾਰ ਤੋਂ ਇਲਾਵਾ ਸਿਆਸੀ ਆਗੂਆਂ ਨੂੰ ਵਤਨ ਵਾਪਸੀ ਦੀ ਗੁਹਾਰ ਲਗਾਈ ਪਰ ਅਜੇ ਤਕ ਕਿਸੇ ਨੇ ਵੀ ਉਨ੍ਹਾਂ ਦੀ ਸਾਰ ਨਾ ਲਈ ਜਿਸ ਕਾਰਨ ਉਹ ਮਾਯੂਸ ਬੈਠੇ ਹਨ। ਲੁਧਿਆਣਾ ਜ਼ਿਲ੍ਹੇ ਦੇ ਨੌਜਵਾਨ ਮਨਪ੍ਰੀਤ ਸਿੰਘ ਵਾਸੀ ਭੱਟੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਕੁਵੈਤ ਦੇ ਕਸਬਾ ਫਰਮਾਨੀਆਂ 'ਚ ਕਾਫ਼ੀ ਤਦਾਦ 'ਚ ਪੰਜਾਬੀ ਵਿਅਕਤੀ ਕੇ.ਜੀ.ਐਲ. ਕੰਪਨੀ 'ਚ ਡਰਾਇਵਰੀ ਦਾ ਕੰਮ ਕਰਦੇ ਹਨ।
File
ਉਨ੍ਹਾਂ ਦਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਪਿਛਲੇ 3 ਮਹੀਨੇ ਤੋਂ ਸਾਰਾ ਕੰਮ ਠੱਪ ਪਿਆ ਹੈ ਅਤੇ ਕੰਪਨੀ ਵਲੋਂ ਉਨ੍ਹਾਂ ਨੂੰ ਪਿਛਲੇ 3 ਮਹੀਨਿਆਂ ਤੋਂ ਨਾ ਤਨਖ਼ਾਹ ਦਿਤੀ ਅਤੇ ਨਾ ਹੀ ਵਾਪਸ ਭਾਰਤ ਭੇਜਿਆ ਜਾ ਰਿਹਾ ਹੈ। ਉਸ ਨੇ ਦਸਿਆ ਕਿ ਕੁਵੈਤ ਦੀਆਂ ਵੱਖ-ਵੱਖ ਕੰਪਨੀਆਂ 'ਚ ਕਰੀਬ 600 ਤੋਂ ਵੱਧ ਪੰਜਾਬੀ ਹਨ ਜੋ ਕਿ ਭਾਰਤ ਅਪਣੇ ਪਰਵਾਰ ਕੋਲ ਵਾਪਸ ਆਉਣਾ ਚਾਹੁੰਦੇ ਹਨ। ਕੁਵੈਤ 'ਚ ਫਸੇ ਪੰਜਾਬੀਆਂ ਨੇ ਦਸਿਆ ਕਿ ਉਨ੍ਹਾਂ ਦੇ ਪਾਸਪੋਰਟ ਕੰਪਨੀ ਕੋਲ ਹਨ ਤੇ ਨਾ ਉਨ੍ਹਾਂ ਨੂੰ ਪਾਸਪੋਰਟ ਵਾਪਸ ਕੀਤੇ ਜਾ ਰਹੇ ਹਨ ਅਤੇ ਨਾ ਹੀ ਯੋਗ ਖਾਣਾ ਦਿਤਾ ਜਾ ਰਿਹਾ ਹੈ ਜਿਸ ਕਾਰਨ ਉਹ ਬੰਦੂਆਂ ਮਜ਼ਦੂਰ ਬਣ ਕੇ ਰਹਿ ਗਏ ਹਨ। ਇਨ੍ਹਾਂ ਪੰਜਾਬੀਆਂ ਨੇ ਦਸਿਆ ਕਿ ਹਾਲਾਤ ਇਹ ਹਨ ਕਿ ਨਾ ਤਾਂ ਉਨ੍ਹਾਂ ਕੋਲ ਜੇਬ 'ਚ ਪੈਸਾ ਹੈ ਅਤੇ ਪਿੱਛੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਕੋਲ ਵੀ ਤਨਖ਼ਾਹ ਨਾ ਮਿਲਣ ਕਾਰਨ ਪੈਸੇ ਨਾ ਭੇਜ ਸਕੇ ਜਿਸ ਕਾਰਨ ਉਹ ਵੀ ਆਰਥਕ ਤੰਗੀ ਕੱਟਣ ਨੂੰ ਮਜ਼ਬੂਰ ਹਨ।
ਨੌਜਵਾਨ ਮਨਪ੍ਰੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਵਲੋਂ ਪਿਛਲੇ ਕਈ ਦਿਨਾਂ ਤੋਂ ਕੁਵੈਤ ਵਿਖੇ ਭਾਰਤੀ ਅੰਬੈਂਸੀ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਕੁਵੈਤ 'ਚ ਫਸੇ ਇਨ੍ਹਾਂ ਨੌਜਵਾਨਾਂ ਨੇ ਦਸਿਆ ਕਿ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਆਉਣ ਵਾਲੇ ਤਿੰਨ ਮਹੀਨੇ ਕੰਮ ਚੱਲਣ ਦੀ ਕੋਈ ਸੰਭਾਵਨਾ ਨਹੀਂ, ਇਸ ਲਈ ਉਹ ਫਿਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਸਿੰਘ ਮਾਨ ਅਤੇ ਸਮਾਜ ਸੇਵੀ ਐਸ.ਪੀ. ਸਿੰਘ ਓਬਰਾਏ ਨੂੰ ਗੁਹਾਰ ਲਗਾਉਂਦੇ ਹਨ ਕਿ ਕੁਵੈਤ 'ਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਪੰਜਾਬੀਆਂ ਨੂੰ ਭਾਰਤ ਵਾਪਸ ਲਿਆਉਣ ਲਈ ਤੁਰਤ ਯਤਨ ਕੀਤੇ ਜਾਣ ਤਾਂ ਜੋ ਇਸ ਕੋਰੋਨਾ ਮਹਾਂਮਾਰੀ 'ਚ ਅਪਣੇ ਪਰਵਾਰ ਕੋਲ ਪਹੁੰਚ ਕੇ ਉਨ੍ਹਾਂ ਦੇ ਦੇਖਭਾਲ ਕਰ ਸਕਣ।