
ਲੌਂਗੋਵਾਲ ਵਲੋਂ ਮੋਦੀ ਨੂੰ ਦੇਗ ਤੇ ਲੰਗਰ ਵਰਤਾਉਣ ਲਈ ਪੱਤਰ ਲਿਖਣ ਤੇ ਤਿੱਖਾ ਇਤਰਾਜ਼
ਅੰਮ੍ਰਿਤਸਰ 9 ਜੂਨ ( ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਅਕਾਲੀ ਦੀ ਅਹਿਮ ਆਗੂ ਬੀਬੀ ਕਿਰਨਜੋਤ ਕੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੋਜ਼ਾਨਾ ਸਪੋਕਸਮੈਨ ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੌਬਿੰਦ ਸਿੰਘ ਲੌਗੋਵਾਲ ਵਲੋਂ ਗੁਰਧਾਮਾਂ ਚ ਪ੍ਰਸ਼ਾਦਿ ਤੇ ਲੰਗਰ ਵਰਤਾਉਣ ਦੀ ਆਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗਣ ਤੇ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਉਨਾ ਸਿੱਖ ਕੌਮ ਦੀ ਅਣਖ ਖਤਮ ਕਰ ਦਿਤੀ ਹੈ।
ਸਿੱਖ ਕੌਮ ਦਾ ਕੁਰਬਾਨੀਆਂ ਭਰਿਆ ਇਤਿਹਾਸ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਲੰਬੇ ਸੰਘਰਸ਼ ਬਾਦ ਹੋਂਦ ਵਿੱਚ ਆਈ। ਪਰ ਇਹ ਹੈਰਾਨੀ ਭਰਿਆ ਹੈ ਕਿ ਦੇਗ ਤੇ ਲੰਗਰ ਵਰਤਾਉਣ ਲਈ ਸਰਕਾਰੀ ਆਗਿਆ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿੱਖ ਕੇ ਮੰਗੀ ਜਾ ਰਹੀ ਹੈ। ਕਰੋਨਾ ਘਾਤਕ ਬਿਮਾਰੀ ਹੈ ਤੇ ਸਿਹਤ ਵਿਭਾਗ ਦੇ ਮਾਹਰਾਂ ਨੇ ਇਸ ਸਬੰਧੀ ਹਿਦਾਇਤਾਂ ਜਾਰੀ ਕੀਤੀਆਂ ਹਨ, ਜਿਨ੍ਹਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਨੇ ਲੰਗਰ, ਪੀੜਤਾਂ ਪ੍ਰਵਾਰਾਂ ਨੂੰ ਵੰਡੇ ਪਰ ਉਸ ਸਮੇਂ ਸਰਕਾਰ ਨੇ ਇਤਰਾਜ਼ ਕਿਉਂ ਨਾ ਕੀਤਾ।
File
ਸ਼੍ਰੀ ਦਰਬਾਰ ਸਾਹਿਬ ਤੇ ਹੋਰ ਗੁਰਧਾਮਾਂ ਚ ਪੂਰੀਆਂ ਸਾਵਧਾਨੀਆਂ ਵਰਤੀਆਂ ਜਾਂਦੀਆਂ ਹਨ। ਸਿੱਖ ਮਰਿਯਾਦਾ ਮੁਤਾਬਕ ਦੇਗ ਤੇ ਲੰਗਰ ਤਿਆਰ ਹੁੰਦਾ ਹੈ। ਕੜਾਹ ਪ੍ਰਸ਼ਾਦਿ ਤਿਆਰ ਕਰਨ ਦੀ ਵਿੱਧੀ ਸਿੱਖ ਪਰੰਪਰਾਵਾਂ ਅਨੁਸਾਰ ਹੈ ਤੇ ਇਸ ਸਬੰਧੀ ਬਕਾਇਦਾ ਅਰਦਾਸ ਕੀਤੀ ਜਾਂਦੀ ਹੈ। ਪਰ ਅਫਸੋਸ ਹੈ ਕਿ ਦੇਗ ਵਰਤਾਉਣ ਲਈ ਪੱਤਰ ਮੋਦੀ ਸਾਹਿਬ ਨੂੰ ਸਿੱਖ ਕੌਮ ਦੀ ਮਹਾਨ ਸੰਸਥਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੱਤਰ ਲਿੱਖ ਕੇ ਆਗਿਆ ਮੰਗੀ ਹੈ।
ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਹੋਟਲਾਂ ਤੇ ਰੈਸਟੋਰੈਂਟ ਵਾਲਿਆਂ ਨੂੰ ਖਾਣਾ ਬਣਾਉਣ ਘਰਾਂ ਚ ਭੇਜਣ ਦੀ ਆਗਿਆ ਦੇ ਦਿੱਤੀ ਹੈ ਪਰ ਗੁਰੂਘਰਾਂ ਚ ਪਾਬੰਦੀਆਂ ਲਾ ਦਿੱਤੀਆਂ ਹਨ। ਇਹ ਮੱਸਲਾ ਹਰਸਿਮਰਤ ਕੌਰ ਬਾਦਲ ਕੇਦਰੀ ਵਜ਼ੀਰ ਵੀ ਚੁੱਕ ਸਕਦੀ ਸੀ ਪਰ ਲੌਗੋਵਾਲ ਨੇ ਸਿੱਖ ਕੌਮ ਦਾ ਜਲੂਸ ਕੱਢ ਕੇ ਰੱਖ ਦਿੱਤਾ ਹੈ। ਉਨਾ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਦਾ ਮੁੱਖ ਕਾਰਜ ਸਿੱਖ ਮਰਯਾਦਾ ਤੇ ਪਹਿਰਾ ਦੇਣ ਦਾ ਹੈ ।
File
ਸ਼੍ਰੋਮਣੀ ਕਮੇਟੀ ਮੋਦੀ ਸਰਕਾਰ ਦਾ ਨਾਦਰਸ਼ਾਹੀ ਫੈਸਲਾ ਰਦ ਕਰੇ : ਦਲ ਖਾਲਸਾ- ਦਲ ਖ਼ਾਲਸਾ ਦੇ ਬੁਲਾਰੇ ਸ. ਕੰਵਰਪਾਲ ਸਿੰਘ ਨੇ ਵੀ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੇ ਮੱਦੇਨਜਰ ਧਾਰਮਿਕ ਅਸਥਾਨਾਂ ਨੂੰ ਸੰਗਤਾਂ ਲਈ ਖੋਲਣ ਲਈ ਰੱਖੀਆਂ ਸਰਤਾਂ ਵਿੱਚ ਗੁਰਦੁਆਰਿਆਂ 'ਚ ਲੰਗਰ ਅਤੇ ਕੜਾਹ ਪ੍ਰਸ਼ਾਦ ਬਣਾਉਣ ,ਵਰਤਾਉਣ ਅਤੇ ਸਰੋਵਰ ਵਿੱਚ ਇਸ਼ਨਾਨ ਕਰਨ ਦੀ ਮਨਾਹੀ ਬੇਹੱਦ ਮੰਦਭਾਗੇ ਅਤੇ ਇਤਰਾਜਯੋਗ ਫੈਸਲੇ ਹਨ। ਮਰਯਾਦਾ ਸੰਬੰਧੀ ਸਰਕਾਰੀ ਆਗਿਆ ਮੰਗਣੀ ਗੁਨਾਹ ਹੈ। ਸ਼੍ਰੋਮਣੀ ਕਮੇਟੀ ਨੂੰ ਮੋਦੀ ਸਰਕਾਰ ਦੇ ਇਸ ਬੇਤੁਕੇ ਤੇ ਬੇਲੋੜੇ ਆਦੇਸ ਨੂੰ ਦਰਕਿਨਾਰ ਕਰ ਦੇਣਾ ਚਾਹੀਦਾ ਹੈ।