
ਸਿੱਧੂ ਦਾ ਮੂੰਹ ਮਿੱਠਾ ਕਰਵਾਇਆ
ਐਸ.ਏ.ਐਸ. ਨਗਰ, 9 ਜੂਨ (ਸੁਖਦੀਪ ਸਿੰਘ ਸੋਈ) : ਮੋਹਾਲੀ ਹਲਕੇ ਦੇ ਦਰਜਨਾਂ ਪਿੰਡਾਂ ਦੇ ਜ਼ਿਮੀਂਦਾਰਾਂ, ਮੋਹਰੀ ਆਗੂਆਂ ਨੇ ਪਾਰਟੀਬਾਜ਼ੀ ਤੋਂ ਉਪਰ ਉਠਦਿਆਂ ਅੱਜ ਸਿਹਤ ਅਤੇ ਪਰਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਰਿਹਾਇਸ਼ 'ਤੇ ਪੁੱਜ ਕੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਧਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਦੇ ਨਿਜੀ ਦਖ਼ਲ ਸਦਕਾ ਗਮਾਡਾ ਅਧੀਨ ਆਉਂਦੇ ਐਰੋਸਿਟੀ, ਈਕੋ ਸਿਟੀ, ਆਈ ਟੀ ਸਿਟੀ ਅਤੇ ਸੈਕਟਰ 88 ਤੇ 89 ਦੇ ਲੈਂਡ ਪੂਲਿੰਗ ਲੈਣ ਵਾਲੇ ਕਿਸਾਨਾਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ।
ਜ਼ਿਕਰਯੋਗ ਹੈ ਕਿ ਗਮਾਡਾ ਨੇ ਪਿਛਲੇ ਦਿਨੀਂ ਨੋਟੀਫ਼ੀਕੇਸ਼ਨ ਜਾਰੀ ਕੀਤਾ ਹੈ ਜਿਸ ਤਹਿਤ ਲੈਂਡ ਪੂਲਿੰਗ ਦੀ ਸਹੂਲਤ ਲੈਣ ਵਾਲੇ ਉਕਤ ਖੇਤਰਾਂ ਦੇ ਕਿਸਾਨਾਂ ਨੂੰ ਪਲਾਟਾਂ ਦੇ ਕਾਰਨਰ ਅਤੇ ਪਾਰਕਿੰਗ ਲਈ ਵਾਧੂ ਪੈਸੇ ਨਹੀਂ ਦੇਣੇ ਪੈਣਗੇ। ਜਿਨ੍ਹਾਂ ਕਿਸਾਨਾਂ ਨੇ ਪਲਾਟਾਂ ਦੀਆਂ ਪ੍ਰੈਫ਼ਰੈਂਸ਼ੀਅਲ ਲੋਕੇਸ਼ਨਾਂ ਲਈ ਪੈਸੇ ਜਮ੍ਹਾ ਕਰਾਏ ਹੋਏ ਹਨ, ਉਨ੍ਹਾਂ ਦੇ ਪੈਸੇ ਤਿੰਨ ਮਹੀਨਿਆਂ ਅੰਦਰ ਗਮਾਡਾ ਵਲੋਂ ਵਾਪਸ ਕਰ ਦਿਤੇ ਜਾਣਗੇ।
ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਸਿੱਧੂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਦੇ ਵਡਮੁੱਲੇ ਅਤੇ ਲਗਾਤਾਰ ਯਤਨਾਂ ਸਦਕਾ ਹੀ ਹਲਕੇ ਦੇ ਸੈਂਕੜੇ ਕਿਸਾਨਾਂ ਨੂੰ ਭਾਰੀ ਵਿੱਤੀ ਫ਼ਾਇਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਲੈਂਡ ਪੂਲਿੰਗ ਵਾਲੇ ਅਲਾਟੀ ਕਿਸਾਨ ਕਾਫ਼ੀ ਸਮੇਂ ਤੋਂ ਮੰਗ ਕਰ ਰਹੇ ਸਨ ਕਿ ਉਨ੍ਹਾਂ ਕੋਲੋਂ ਵਸੂਲੀਆਂ ਗਈਆਂ ਵਾਧੂ ਫ਼ੀਸਾਂ ਵਾਪਸ ਕੀਤੀਆਂ ਜਾਣ।
ਉਨ੍ਹਾਂ ਕਿਹਾ ਕਿ ਕਿਸਾਨਾਂ ਕੋਲੋਂ ਪ੍ਰੈਫ਼ਰੈਂਸ਼ੀਅਲ ਲੋਕੇਸ਼ਨ ਚਾਰਜਿਜ਼ ਦੇ ਤੌਰ 'ਤੇ ਕਾਰਨਰ ਦੇ ਪਲਾਟ ਲਈ 10 ਫ਼ੀਸਦੀ, ਫ਼ੇਸਿੰਗ ਪਾਰਕ ਲਈ ਦਸ ਫ਼ੀਸਦੀ ਅਤੇ ਦੋਹਾਂ ਦੇ ਸਾਂਝੇ ਹੋਣ ਦੀ ਸੂਰਤ ਵਿਚ 15 ਫ਼ੀ ਸਦੀ ਰਾਸ਼ੀ ਦੀ ਵਾਧੂ ਵਸੂਲੀ ਕੀਤੀ ਜਾਂਦੀ ਸੀ। ਕਿਸਾਨਾਂ ਨੇ ਕਿਹਾ ਕਿ ਜਦ ਉਹਨਾਂ ਨੇ ਸਿੱਧੂ ਦੇ ਧਿਆਨ ਵਿਚ ਇਹ ਮੰਗ ਲਿਆਂਦੀ ਸੀ ਤਾਂ ਉਹਨਾਂ ਕਿਸਾਨਾਂ ਦੀ ਪੂਰੀ ਮਦਦ ਕਰਨ ਦਾ ਭਰੋਸਾ ਦਿਤਾ ਸੀ।
ਕਿਸਾਨਾਂ ਨੇ ਕਿਹਾ ਕਿ ਹੁਣ ਗਮਾਡਾ ਦਾ ਨੋਟੀਫ਼ੀਕੇਸ਼ਨ ਜਾਰੀ ਹੋਣ ਨਾਲ ਹਲਕੇ ਦੇ ਕਿਸਾਨ ਬਾਗ਼ੋ-ਬਾਗ਼ ਹਨ। ਇਸ ਮੌਕੇ ਅਪਣੇ ਸੰਬੋਧਨ ਵਿਚ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਗਮਾਡਾ ਦੇ ਫ਼ੈਸਲੇ ਨਾਲ ਲੈਂਡ ਪੂਲਿੰਗ ਦੀ ਸਹੂਲਤ ਲੈਣ ਵਾਲੇ ਹਲਕੇ ਦੇ ਸੈਂਕੜੇ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ।