
ਜਨਤਕ ਮੁਦਿਆਂ ਤੋ ਬਿਨ੍ਹਾਂ ਉਠਾਏ ਗਏ ਕਿਸਾਨਾਂ, ਮਜ਼ਦੂਰਾਂ ਅਤੇ ਕਰਮਚਾਰੀਆਂ ਦੇ ਮੁੱਦੇ
ਕਾਲਾਂਵਾਲੀ, 9 ਜੂਨ (ਸੁਰਿੰਦਰ ਪਾਲ ਸਿੰਘ) : ਅੱਜ ਸਿਰਸਾ ਵਿਖੇ ਇਕ ਪਾਸੇ ਪੰਚਾਇਤ ਭਵਨ ਵਿਚ ਜਿਥੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਿਰਸਾ ਦੇ ਪੰਚਾਇਤ ਭਵਨ ਵਿਚ ਕਿਸਾਨਾਂ ਦੇ ਰੂ ਬ ਰੂ ਹੋ ਰਹੇ ਸਨ ਤਾਂ ਦੂਜੇ ਪਾਸੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀ.ਪੀ.ਐਮ) ਦੇ ਕਾਰਕੁਨ ਖੱਟਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁਧ ਜ਼ਬਰਦਸਤ ਰੋਸ਼ ਮੁਜ਼ਾਹਰਾ ਕਰ ਰਹੇ ਸਨ।
ਸਿਰਸਾ ਦੇ ਲਘੂ ਸਕਤਰੇਤ ਦੇ ਬਾਹਰ ਸੀ ਪੀ ਆਈ ਅਤੇ ਸੀ ਪੀ ਐਮ ਦੇ ਜਿਲ੍ਹਾ ਸੱਕਤਰ ਕਾ. ਜਗਰੂਪ ਸਿੰਘ ਅਤੇ ਸੀ ਪੀ ਆਈ ਦੇ ਕਾ: ਵਿਜੈ ਧੂਕੜਾ ਦੀ ਅਗਵਾਈ ਵਿੱਚ ਆਪਣੀਆਂ 12 ਸੂਤਰੀ ਮੰਗਾਂ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੇ ਨਾਂ ਡੀ.ਸੀ. ਸਿਰਸਾ ਨੂੰ ਮੰਗ ਪੱਤਰ ਦਿਤਾ ਗਿਆ।
ਜਿਸ ਵਿਚ ਕੋਰੋਨਾ ਕਾਲ ਦੌਰਾਨ ਖੁਸ ਚੁਕੇ ਰੋਜ਼ਗਾਰ ਦੀ ਭਰਪਾਈ, ਸਰਵਜਨਕ ਵਿਤਰਣ ਪ੍ਰਣਾਲੀ ਵਿੱਚ ਹੋਏ ਘੋਟਾਲੇ, ਵਧਾਈਆਂ ਗਈਆਂ ਤੇਲ ਦੀਆਂ ਕੀਮਤਾ ਅਤੇ ਵਧਾਏ ਗਏ ਬਿਜਲੀ ਦੇ ਬਿਲ ਅਤੇ ਮਜ਼ਦੂਰਾਂ ਦੀ ਰਜਿਸਟੇਸ਼ਨ, ਛੋਟੇ ਉਦਯੋਗਾਂ ਦੀ ਬੰਦੀ ਸਮੇਤ ਅਮਰੀਕਾ ਦੀ ਜ਼ਾਲਿਮ ਪੁਲਿਸ ਵੱਲੋਂ ਅਫਰੀਕੀ ਮੂਲ ਦੇ ਵਿਅਕਤੀ ਜਾਰਜ ਫਲਾਈਡ ਦੀ ਕੀਤੀ ਗਈ ਹੱਤਿਆ ਅਤੇ ਅਮਰੀਕਾ ਸਰਕਾਰ ਵੱਲੋ ਲੋਕਾਂ ਤੇ ਹੁੰਦੇ ਜ਼ੁਲਮ, ਕਿਸਾਨਾਂ ਦੇ ਖਾਤਿਆਂ ਵਿੱਚ ਫ਼ਸਲਾਂ ਦੇ ਪੈਸੇ ਨਾ ਪਾਉਣ ਸਮੇਤ ਬਹੁਤ ਸਾਰੀਆਂ ਮੰਗਾਂ ਸ਼ਾਮਲ ਸਨ।
ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਜਗਰੂਪ ਸਿੰਘ ਅਤੇ ਵਿਜੈ ਧੂਕੜਾ ਨੇ ਕਿਹਾ ਕਿ ਕਾਰਪੋਰੇਟ ਜਗਤ ਨੂੰ ਖੁਸ਼ ਕਰਨ ਲਈ ਮੋਦੀ ਸਰਕਾਰ ਦੀ ਖੁੱਲ੍ਹੀ ਮੰਡੀ ਦਾ ਸੰਕਲਪ ਕਿਸਾਨਾਂ ਲਈ ਅਤਿਅੰਤ ਘਾਤਕ ਹੈ।
ਇਸੇ ਤਰ੍ਹਾਂ ਪਾਰਟੀ ਦੇ ਨੇਤਾ ਬਲਵੀਰ ਕੌਰ ਗਾਂਧੀ ਅਤੇ ਤਿਲਕ ਰਾਜ ਵਿਧਾਇਕ ਨੇ ਕਿਹਾ ਕਿ ਭਾਜਪਾ ਨੇਤਰੀ ਦੁਆਰਾ ਹਿਸਾਰ ਦੇ ਮੰਡੀ ਇੰਸਪੈਕਟਰ ਦੀ ਚੱਪਲਾਂ ਨਾਲ ਕੁਟਾਈ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਦੇ ਨੇਤਾ ਹੁਣ ਜਨ ਸਮਰਥਨ ਨਾ ਮਿਲਣ ਕਰ ਕੇ ਹਿੰਸਕ ਅਤੇ ਕਰੂਰ ਹੋ ਚੁੱਕੇ ਹਨ।
ਇਸ ਰੋਸ ਪ੍ਰਦਰਸ਼ਨ ਵਿਚ ਪਾਰਟੀ ਦੇ ਸੀਨੀਅਰ ਨੇਤਾ ਸਾਬਕਾ ਸਰਪੰਚ ਸ਼ਿੰਗਾਰਾ ਸਿੰਘ ਧਰਮਪੁਰਾ, ਇਕਬਾਲ ਸਿੰਘ ਨੇਜਾਡੇਲਾ, ਬਲਰਾਜ ਸਿੰਘ ਬਣੀ,ਵਿਕਰਮ ਝੋਰੜ, ਟੋਨੀ ਸਾਗੂ, ਕ੍ਰਿਪਾ ਸ਼ੰਕਰ ਤ੍ਰਿਪਾਠੀ, ਮੁੰਨਸ਼ੀ ਰਾਮ, ਬ੍ਰਿਜ਼ ਲਾਲ ਅਤੇ ਸੁਖਦੇਵ ਸਿੰਘ ਸੰਧੂ ਸਮੇਤ ਦੋਹਾਂ ਪਾਰਟੀਆਂ ਦੇ ਅਨੇਕਾਂ ਕਰਕੁਨ ਸ਼ਾਮਲ ਸਨ।