
24 ਘੰਟੇ 'ਚ 65 ਨਵੇਂ ਮਾਮਲੇ ਆਏ, ਮੌਤਾਂ ਦੀ ਗਿਣਤੀ 55 ਤਕ, ਇਲਾਜ ਅਧੀਨ ਮਰੀਜ਼ਾਂ 'ਚੋਂ ਇਸ ਸਮੇਂ 9 ਆਕਸੀਜਨ ਅਤੇ 5 ਵੈਂਟੀਲੇਟਰ 'ਤੇ
ਚੰਡੀਗੜ੍ਹ, 9 ਜੂਨ (ਗੁਰਉਪਦੇਸ਼ ਭੁੱਲਰ): ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅਤੇ ਕੁੱਲ ਪਾਜ਼ੇਟਿਵ ਕੇਸਾਂ ਦਾ ਅੰਕੜਾ ਅੱਜ ਸ਼ਾਮ ਤਕ 2700 ਤੋਂ ਪਾਰ ਹੋ ਗਿਆ ਹੈ। 24 ਘੰਟਿਆਂ 'ਚ 65 ਹੋਰ ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਅੱਜ 39 ਕੋਰੋਨਾ ਪੀੜਤ ਠੀਕ ਵੀ ਹੋਏ ਹਨ ਅਤੇ ਇਸ ਤਰ੍ਹਾਂ ਠੀਕ ਹੋਣ ਵਾਲਿਆਂ ਦੀ ਕੁਲ ਗਿਣਤੀ ਵੀ 2167 ਤਕ ਪਹੁੰਚ ਗਈ ਹੈ। ਕੁਲ ਪਾਜ਼ੇਟਿਵ ਅੰਕੜਾ ਸ਼ਾਮ ਤਕ 2728 ਸੀ। 497 ਮਰੀਜ਼ ਇਸ ਸਮੇਂ ਇਲਾਜ ਅਧੀਨ ਹਨ।
File
ਮੌਤਾਂ ਦੀ ਕੁੱਲ ਗਿਣਤੀ 55 ਤਕ ਪਹੁੰਚ ਚੁੱਕੀ ਹੈ। ਇਸ ਸਮੇਂ 14 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਸ 'ਚੋਂ 9 ਨੂੰ ਆਕਸੀਜਨ ਦਿਤੀ ਜਾ ਰਹੀ ਹੈ ਅਤੇ 5 ਵੈਂਟੀਲੇਟਰ 'ਤੇ ਮੌਤ ਨਾਲ ਜੰਗ ਲੜ ਰਹੇ ਹਨ। ਜ਼ਿਲ੍ਹਾ ਅਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਇਸ ਸਮੇਂ ਕੋਰੋਨਾ ਦੇ ਮੁੱਖ ਕੇਂਦਰ ਬਣੇ ਹੋਏ ਹਨ। ਇਨ੍ਹਾਂ ਜ਼ਿਲ੍ਹਿਆਂ ਤੋਂ ਇਲਾਵਾ ਪਠਾਨਕੋਟ, ਮੋਹਾਲੀ, ਸੰਗਰੂਰ, ਪਟਿਆਲਾ, ਤਰਨ ਤਾਰਨ ਅਤੇ ਰੋਪੜ ਜ਼ਿਲ੍ਹਿਆਂ ਤੋਂ ਵੀ ਅੱਜ ਨਵੇਂ ਪਾਜ਼ੇਟਿਵ ਕੇਸ ਆਏ ਹਨ। ਜ਼ਿਲ੍ਹਾ ਅਮ੍ਰਿਤਸਰ 'ਚ ਕੋਰੋਨਾ ਪੀੜਤਾਂ ਦਾ ਕੁੱਲ ਅੰਕੜਾ 500 ਤੇ ਜਲੰਧਰ 'ਚ 300 ਤੋਂ ਪਾਰ ਹੋ ਚੁੱਕਾ ਹੈ। ਲੁਧਿਆਣਾ 'ਚ ਵੀ 250 ਤੋਂ ਵੱਧ ਪਾਜ਼ੇਟਿਵ ਕੇਸ ਆ ਚੁੱਕੇ ਹਨ।