ਕਿਸਾਨਾਂ ਨਾਲ ਅਜਿਹਾ ਪਿਆਰ ਪਿਆ ਹੈ ਕਿ ਕਦੇ ਨਹੀਂ ਭੁਲਾਇਆ ਜਾ ਸਕਦਾ।
ਮੁਹਾਲੀ - ਸਿੰਘੂ ਬਾਰਡਰ ’ਤੇ ਗੋਲਡਨ ਹੱਟ ਦੇ ਨਾਮ ਨਾਲ ਜਾਣੇ ਜਾਂਦੇ ਰਾਮ ਸਿੰਘ ਰਾਣਾ ਜਿਨ੍ਹਾਂ ਨੇ ਕਿਸਾਨੀ ਧਰਨੇ ਵਿਚ ਵਧ ਚੜ੍ਹ ਕੇ ਹਿੱਸਾ ਪਾਇਆ ਅਤੇ ਧਰਨਾ ਦੇ ਰਹੇ ਕਿਸਾਨ ਭਰਾਵਾਂ ਲਈ ਆਪਣੇ ਹੋਟਲ ‘ਚ ਰਿਹਾਇਸ਼ ਤੇ ਮੁਫ਼ਤ ਲੰਗਰ ਲਗਾਇਆ ਸੀ। ਰਾਮ ਸਿੰਘ ਰਾਣਾ ਨੇ ਹੁਣ ਪੰਜਾਬ ਵਿਚ ਵੀ ਪਹਿਲਾ ਗੋਲਡਨ ਹੱਟ ਢਾਂਬਾ ਖੋਲ੍ਹਿਆ ਹੈ।
ਰਾਮ ਸਿੰਘ ਰਾਣਾ ਨੇ ਦੱਸਿਆ ਕਿ ਇਸ ਹੋਟਲ ਦੀ ਸ਼ੁਰੂਆਤ ਪਹਿਲਾ 1 ਤਾਰੀਕ ਤੋਂ ਹੋਣੀ ਸੀ ਪਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਜਾਣ ਕਰ ਕੇ ਇਸ ਨੂੰ ਥੋੜ੍ਹਾ ਅੱਗੇ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਵੀ ਕਿਸਾਨੀ ਅੰਦੋਲਨ ਵਿਚ ਹਿੱਸਾ ਪਾਇਆ ਸੀ। ਰਾਣਾ ਨੇ ਕਿਹਾ ਕਿ ਗਿਆ ਹੋਇਆ ਤਾਂ ਵਾਪਸ ਨਹੀਂ ਆਉਂਦਾ ਪਰ ਇਹ ਸਾਡੇ ਸਸਕਾਰ ਹਨ ਕਿ ਅਸੀਂ ਥੋੜ੍ਹਾ ਸਬਰ ਤਾਂ ਕਰ ਹੀ ਸਕਦੇ ਹਾਂ।
ਉਹਨਾਂ ਦੱਸਿਆ ਕਿ ਜਦੋਂ ਵੀ ਕੋਈ ਪੰਜਾਬੀ ਭਰਾ ਮੇਰੇ ਕੋਲ ਆਉਂਦਾ ਸੀ ਤਾਂ ਇਕਤ ਹੀ ਗੱਲ ਪੁੱਛਦਾ ਸੀ ਕਿ ਪੰਜਾਬ ਕਦੋਂ ਆ ਰਹੇ ਹੋ ਤਾਂ ਫਿਰ ਸੋਚਿਆ ਕਿ ਇੱਥੇ ਵੀ ਇਕ ਹੋਟਲ ਖੋਲ੍ਹਿਆ ਜਾਵੇ। ਰਾਣਾ ਨੇ ਕਿਹਾ ਕਿ ਹਰਿਆਣਾ ਦੀ ਸਰਕਾਰ ਥੋੜ੍ਹਾ ਤੰਗ ਪਰੇਸ਼ਾਨ ਕਰ ਰਹੀ ਹੈ ਤਾਂ ਪੰਜਾਬ ਵਿਚ ਇਹ ਹੋਟਲ ਖੋਲ੍ਹ ਹੀ ਦਿੱਤਾ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਚੰਗੇ ਨੇ ਤੇ ਮੈਂ ਵੀ ਉਹਨਾਂ ਨਾਲ ਇਕ ਵਾਅਦਾ ਕਰਦਾ ਹਾਂ ਕਿ ਰਾਮ ਸਿੰਘ ਰਾਣਾ ਵੀ ਹਮੇਸ਼ਾਂ ਪੰਜਾਬੀਆਂ ਦੀ ਸੇਵਾ ਵਿਚ ਖੜ੍ਹਾ ਹੈ।
ਉਹਨਾਂ ਕਿਹਾ ਕਿ ਜੇ ਕਿਤੇ ਦੁਬਾਰਾ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਉਹ ਬੇਝਿਜਕ ਇਸ ਹੋਟਲ ਵਿਚ ਆ ਸਕਦੇ ਹਨ ਕਿਉਂਕਿ ਕਿਸਾਨਾਂ ਨਾਲ ਅਜਿਹਾ ਪਿਆਰ ਪਿਆ ਹੈ ਕਿ ਕਦੇ ਨਹੀਂ ਭੁਲਾਇਆ ਜਾ ਸਕਦਾ। ਉਹਨਾਂ ਕਿਹਾ ਕਿ ਰਿਸ਼ਤੇ ਜਨਮ ਜਨਮ ਤੱਕ ਚੱਲਦੇ ਹਨ ਤਾਂ ਇਸ ਕਰ ਕੇ ਅਸੀਂ ਕਿਸਾਨਾਂ ਦੇ ਨਾਲ ਬਣਿਆ ਇਹ ਰਿਸ਼ਤਾ ਖਰਾਬ ਨਹੀਂ ਕਰਨਾ ਚਾਹੁੰਦੇ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਲੈ ਕੇ ਰਾਮ ਸਿੰਘ ਰਾਣਾ ਨੇ ਕਿਹਾ ਕਿ ਇਹ ਬਹੁਤ ਹੀ ਵੱਡਾ ਦੁੱਖ ਹੈ ਕਿਉਂਕਿ ਉਸ ਦੀ ਅਵਾਜ਼ ਵਿਚ ਦਮ ਸੀ ਤੇ ਉਹਨਾਂ ਦੇ ਗਾਣੇ ਪੂਰੀ ਦੁਨੀਆਂ ਲਈ ਮਿਸਾਲ ਸੀ।