
5 ਲੋਕ ਹੋਏ ਜ਼ਖ਼ਮੀ
ਕਪੂਰਥਲਾ: ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ 'ਚ ਹਾਈਵੇਅ 'ਤੇ ਮਰਸਡੀਜ਼ ਡਰਾਈਵਰ ਦੀ ਤੇਜ਼ ਰਫਤਾਰ ਗੱਡੀ ਨੇ ਇਕ ਨੌਜਵਾਨ ਦੀ ਜਾਨ ਲੈ ਲਈ। ਇਸ ਦੇ ਨਾਲ ਹੀ 5 ਲੋਕਾਂ ਦੇ ਸੱਟਾਂ ਲੱਗੀਆਂ ਹਨ। ਇਹ ਹਾਦਸਾ ਜੀ.ਟੀ ਰੋਡ 'ਤੇ ਬਰਗਰ ਕਿੰਗ ਦੇ ਸਾਹਮਣੇ ਵਾਪਰਿਆ। ਤੇਜ਼ ਰਫਤਾਰ ਨਾਲ ਮਰਸਡੀਜ਼ ਚਲਾ ਰਹੇ ਵਿਅਕਤੀ ਨੇ ਅਚਾਨਕ ਬ੍ਰੇਕ ਲਗਾ ਦਿਤੀ। ਸੰਤੁਲਨ ਵਿਗੜਨ ਕਾਰਨ ਕਾਰ ਡਿਵਾਈਡਰ ਨਾਲ ਜਾ ਟਕਰਾਈ ਅਤੇ 3 ਵਾਰ ਪਲਟਦੇ ਹੋਏ ਦਰੱਖਤ ਹੇਠਾਂ ਖੜ੍ਹੇ ਬਾਈਕ ਨਾਲ ਜਾ ਟਕਰਾਈ। ਇਸ ਹਾਦਸੇ 'ਚ ਬਾਈਕ ਸਵਾਰ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ: ਵਿਆਹ ਵਾਲੇ ਘਰ ਵਿਛੇ ਸੱਥਰ, ਹੋਇਆ ਧਮਾਕਾ, ਤਿੰਨ ਬੱਚਿਆਂ ਦੀ ਹੋਈ ਮੌਤ
ਦਸਿਆ ਜਾ ਰਿਹਾ ਹੈ ਕਿ ਜ਼ਖ਼ਮੀ ਨੌਜਵਾਨ ਨੂੰ ਐਂਬੂਲੈਂਸ ਰਾਹੀਂ ਫਗਵਾੜਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰੀਤਪਾਲ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਜਗਤਪੁਰ ਤਹਿਸੀਲ ਬੰਗਾ, ਜ਼ਿਲ੍ਹਾ ਨਵਾਂਸ਼ਹਿਰ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਹਾਦਸੇ ਦੇ ਸਮੇਂ ਮਰਸਡੀਜ਼ ਵਿਚ 5 ਲੋਕ ਸਵਾਰ ਸਨ, ਜੋ ਕਾਰ ਦੇ ਏਅਰਬੈਗ ਖੁੱਲ੍ਹਣ 'ਤੇ ਵਾਲ-ਵਾਲ ਬਚ ਗਏ।
ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਵਿਅਕਤੀ ਦੀ ਸ਼ੱਕੀ ਹਾਲਾਤਾਂ 'ਚ ਹੋਈ ਮੌਤ, ਦੋ ਦਿਨ ਤੱਕ ਕਮਰੇ ਅੰਦਰ ਸੜਦੀ ਰਹੀ ਲਾਸ਼
ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਰਸੀਡੀਜ਼ ਅਤੇ ਮੋਟਰਸਾਈਕਲ ਨੂੰ ਕਬਜ਼ੇ ਵਿਚ ਲੈ ਲਿਆ। ਕਾਰ ਸਵਾਰ ਰਜਿੰਦਰ ਪਾਲ ਨੇ ਦਸਿਆ ਕਿ ਉਹ ਹੁਸ਼ਿਆਰਪੁਰ ਤੋਂ ਫਗਵਾੜਾ ਜਾਂਦੇ ਸਮੇਂ ਮਰਸਡੀਜ਼ ਕੰਪਨੀ ਦੇ ਸ਼ੋਅਰੂਮ 'ਤੇ ਜਾ ਰਿਹਾ ਸੀ। ਉਨ੍ਹਾਂ ਦੇ ਸਾਹਮਣੇ ਜਾ ਰਹੀ ਗੱਡੀ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਜਦੋਂ ਉਸ ਨੇ ਇਸ ਤੋਂ ਬਚਣ ਲਈ ਬ੍ਰੇਕ ਲਗਾਈ ਤਾਂ ਉਸ ਦੀ ਕਾਰ ਡਿਵਾਈਡਰ 'ਤੇ ਚੜ੍ਹ ਗਈ ਅਤੇ 3 ਮੋੜ ਲੈਣ ਤੋਂ ਬਾਅਦ ਕਾਰ ਦਰੱਖਤ ਨਾਲ ਜਾ ਟਕਰਾਈ। ਦਰੱਖਤ ਕੋਲ ਖੜ੍ਹੇ ਬਾਈਕ ਸਵਾਰ ਨੌਜਵਾਨ ਇਸ ਦੀ ਲਪੇਟ 'ਚ ਆ ਗਿਆ। ਮੌਕੇ ’ਤੇ ਪੁੱਜੇ ਏਐਸਆਈ ਮੱਖਣ ਸਿੰਘ ਨੇ ਦਸਿਆ ਕਿ ਮਰਸਡੀਜ਼ ਗੱਡੀ ਸੀਐਚਸੀਐਲ-1327 ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਕਾਰ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। ਮਾਮਲੇ ਵਿਚ ਜੋ ਵੀ ਕਾਨੂੰਨੀ ਕਾਰਵਾਈ ਹੋਈ, ਕੀਤੀ ਜਾਵੇਗੀ।