
ਇਕ ਪਤਨੀ ਵਲੋਂ ਦੋ ਵਿਅਕਤੀਆਂ ਨਾਲ ਮਿਲ ਕੇ ਅੱਠ ਸਾਲ ਪਹਿਲਾਂ ਕੀਤੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ..............
ਫ਼ਤਿਹਗੜ੍ਹ ਸਾਹਿਬ : ਇਕ ਪਤਨੀ ਵਲੋਂ ਦੋ ਵਿਅਕਤੀਆਂ ਨਾਲ ਮਿਲ ਕੇ ਅੱਠ ਸਾਲ ਪਹਿਲਾਂ ਕੀਤੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪ੍ਰੈਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਐਸ.ਪੀ. ਜਾਂਚ ਹਰਪਾਲ ਸਿੰਘ ਅਤੇ ਡੀ.ਐਸ.ਪੀ. ਬੱਸੀ ਪਠਾਣਾਂ ਨਵਨੀਤ ਕੌਰ ਗਿੱਲ ਨੇ ਦਸਿਆ ਕਿ ਸਲਮਾ (ਕਾਲਪਨਿਕ ਨਾਮ) ਅਤੇ ਮੁਹੰਮਦ ਅਬਦੂਲ ਦਾ ਬਿਹਾਰ ਵਿਚ ਵਿਆਹ ਹੋਇਆ ਸੀ ਜੋ ਕਿ 2006-07 ਵਿਚ ਬਿਹਾਰ ਤੋਂ ਆ ਕੇ ਪਿੰਡ ਅੱਤੇਵਾਲੀ ਵਿਖੇ ਰਹਿਣ ਲੱਗ ਗਏ ਅਤੇ 2010 ਵਿਚ ਦੋਵਾਂ ਦੀ ਆਪਸ ਵਿਚ ਤਕਰਾਰ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਮਹਿਲਾ ਸਤਵਿੰਦਰ
ਸਿੰਘ ਦੇ ਸੰਪਰਕ ਵਿਚ ਆ ਗਈ ਅਤੇ ਸਤਵਿੰਦਰ ਸਿੰਘ ਦੇ ਘਰ ਪਿੰਡ ਮੈੜਾਂ ਵਿਖੇ ਰਹਿਣ ਲੱਗ ਪਈ। ਉਨ੍ਹਾਂ ਦਸਿਆ ਕਿ ਜਦੋਂ ਮਹਿਲਾ ਦਾ ਪਤੀ 2010 ਵਿਚ ਉਸ ਦੇ ਪਿਛੇ ਪਿੰਡ ਮੈੜਾਂ ਪਹੁੰਚਿਆ ਤਾਂ ਸਤਵਿੰਦਰ ਸਿੰਘ ਅਤੇ ਉਸ ਦੇ ਭਰਾ ਗੁਰਨਾਮ ਸਿੰਘ ਨੇ ਮਹਿਲਾ ਦੇ ਪਤੀ ਨੂੰ ਗੱਲਾਬਾਤਾਂ ਵਿਚ ਲਗਾ ਕੇ ਅਪਣੇ ਪਾਸ ਰੱਖ ਲਿਆ ਅਤੇ ਸ਼ਾਮ ਸਮੇਂ ਦੋਵੇਂ ਭਰਾਵਾਂ ਨੇ ਉਸ ਨੂੰ ਸ਼ਰਾਬ ਪਿਲਾ ਦਿਤੀ।। ਇਸ ਤੋਂ ਬਾਅਦ ਕਥਿਤ ਤੌਰ 'ਤੇ ਦੋਵੇਂ ਭਰਾਵਾਂ ਅਤੇ ਮ੍ਰਿਤਕ ਦੀ ਪਤਨੀ ਨੇ ਉਸ ਦੀ ਕੁੱਟਮਾਰ ਕੀਤੀ ਜਿਸ ਕਾਰਨ ਮ੍ਰਿਤਕ ਜ਼ਮੀਨ 'ਤੇ ਡਿੱਗ ਪਿਆ। ਦੋਵੇਂ ਭਰਾਵਾਂ ਨੇ ਉਸ ਨੂੰ ਫੜ ਲਿਆ ਅਤੇ ਮਹਿਲਾ ਨੇ ਕਥਿਤ ਤੌਰ 'ਤੇ ਪੈਰ ਨਾਲ ਉਸ ਦੀ ਗਰਦਨ ਦਬ ਦਿਤੀ ਜਿਸ
ਕਾਰਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਤਿੰਨਾਂ ਨੇ ਮੁਹੰਮਦ ਅਬਦੂਲ ਦੀ ਲਾਸ਼ ਨੂੰ ਪੱਲੀ ਵਿਚ ਬੰਨ੍ਹ ਕੇ ਫ਼ਤਿਹਪੁਰ ਥਾਬਲਾਂ ਜਾਂਦੀ ਭਾਖੜਾ ਨਹਿਰ ਵਿਚ ਸੁੱਟ ਦਿਤਾ। ਇਸ ਕਤਲ ਬਾਰੇ ਕਈ ਸਾਲ ਕਿਸੇ ਨੂੰ ਕੁੱਝ ਪਤਾ ਨਹੀਂ ਲੱਗ ਸਕਿਆ, ਪੰ੍ਰਤੂ ਕੁੱਝ ਸਮਾਂ ਪਹਿਲਾਂ ਇਕ ਵਿਅਕਤੀ ਨੂੰ ਇਸ ਕਤਲ ਬਾਰੇ ਪਤਾ ਲੱਗਾ ਤਾਂ ਉਸ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿਤੀ। ਪੁਲਿਸ ਨੇ ਉਕਤ ਤਿੰਨੋਂ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਕੇ ਥਾਣਾ ਬੱਸੀ ਪਠਾਣਾਂ ਵਿਚ ਮਾਮਲਾ ਦਰਜ ਕਰਨ ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਅਤੇ ਮ੍ਰਿਤਕ ਦੀ ਲਾਸ਼ ਬਾਰੇ ਵੀ ਪਤਾ ਕੀਤਾ ਜਾ ਰਿਹਾ ਹੈ।