
ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਮਾਸਟਰ ਟ੍ਰੇਨਰਾਂ ਨੂੰ ਕੀਤਾ ਸੰਬੋਧਨ
ਐੱਸ.ਏ.ਐੱਸ ਨਗਰ- ਪ੍ਰੀ ਪ੍ਰਾਇਮਰੀ ਜਮਾਤਾਂ ਦੇ ਖੇਡ ਮਹਿਲ ਦੀ ਜਿਲ੍ਹਾ ਪੱਧਰੀ ਸਿਖਲਾਈ ਸਬੰਧੀ ਸਕੂਲ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਨੇ ਐਜੂਸੈੱਟ ਰਾਹੀਂ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ, ਸਮੂਹ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੇ ਜ਼ਿਲ੍ਹਾ ਕੋਆਰਡੀਨੇਟਰਾਂ, ਸਹਾਇਕ ਜ਼ਿਲ੍ਹਾ ਕੋਆਰਡੀਨੇਟਰਾਂ, ਬਲਾਕ ਮਾਸਟਰ ਟਰੇਨਰਾਂ ਅਤੇ ਕਲਸਟਰ ਮਾਸਟਰ ਟਰੇਨਰਾਂ ਨੂੰ ਸੰਬੋਧਨ ਕੀਤਾ।
ਆਪਣੇ ਸੰਬੋਧਨ ਵਿੱਚ ਸਕੱਤਰ ਸਕੂਲ ਸਿੱਖਿਆ ਨੇ ਕਿਹਾ ਕਿ ਅਧਿਆਪਕਾਂ ਦੀ ਲਗਨ ਅਤੇ ਮਿਹਨਤ ਸਦਕ ਪਿਛਲੇ ਲਗਾਤਾਰ ਦੋ ਸਾਲਾਂ ਤੋਂ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੀ ਸਮਝ-ਬੂਝ ਦੀ ਪ੍ਰਵਿਰਤੀ ਦਾ ਪੂਰਨ ਵਿਕਾਸ ਹੋ ਰਿਹਾ ਹੈ। ਮਾਸਟਰ ਟਰੇਨਰਾਂ ਵੱਲੋਂ ਅਧਿਆਪਕਾਂ ਨੂੰ ਸਿਖਲਾਈ ਵਰਕਸ਼ਾਪ ਦੌਰਾਨ ਉਤਸ਼ਾਹ ਪੂਰਵਕ ਸਿਖਲਾਈ ਦੇਣ ਲਈ ਤਿਆਰ ਬਰ ਤਿਆਰ ਹੋਣਾ ਜ਼ਰੂਰੀ ਹੈ।
Pre-Primary
ਇਸ ਸਬੰਧ ਵਿੱਚ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੂੰ ਵੀ ਆਪਣੀ ਪੂਰੀ ਭੂਮਿਕਾ ਨਿਭਾਉਣ ਦੀ ਲੋੜ ਹੈ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦੇ ਸਿੱਖਣ ਪੱਧਰਾਂ ਨੂੰ ਉਚੇਰਾ ਅਤੇ ਮਿਆਰੀ ਬਣਾਉਣ ਲਈ ਪ੍ਰਾਇਮਰੀ ਸਕੂਲਾਂ ਦੇ ਮੁਖੀਆਂ ਨੂੰ ਸੂਖਮ ਯੋਜਨਾਬੰਦੀ ਬਣਾਉਣੀ ਚਾਹੀਦੀ ਹੈ।ਅਧਿਆਪਕਾਂ ਦੁਆਰਾ ਵਿਦਿਆਰਥੀ ਕੇਂਦਰਿਤ ਪਹੁੰਚ ਅਪਣਾ ਕੇ ਹਰੇਕ ਵਿਦਿਆਰਥੀਆਂ ਦੀ ਭਾਸ਼ਾ ਸਬੰਧੀ ਮੁਸ਼ਕਿਲ ਨੂੰ ਹੱਲ ਕੀਤਾ ਜਾ ਰਿਹਾ ਹੈ।
ਉਹਨਾਂ ਪ੍ਰਾਇਮਰੀ ਸਕੂਲਾਂ ਵਿੱਚ ਜੁਲਾਈ ਦੇ ਮਹੀਨੇ ਹੋਣ ਵਾਲੇ ਟੈਸਟਾਂ ਸਬੰਧੀ ਕਿਹਾ ਕਿ ਸਮੂਹ ਸਕੂਲਾਂ ਦੇ ਮੁੱਖੀ ਅਤੇ ਅਧਿਆਪਕ ਜੁਲਾਈ ਮਹੀਨੇ ਦੇ ਟੈਸਟਾਂ ਲਈ ਮਿਹਨਤ ਅਤੇ ਲਗਨ ਨਾਲ ਤਿਆਰੀ ਕਰਵਾਉਣ ਵਿੱਚ ਜੁੱਟ ਗਏ ਹਨ। ਉਹਨਾਂ ਲਾਇਬ੍ਰੇਰੀ ਸੰਬੰਧੀ ਕਿਹਾ ਕਿ ਵਿਦਿਆਰਥੀਆਂ ਵਿੱਚ ਕਿਤਾਬਾਂ ਪੜ੍ਹਣ ਦੀਆਂ ਰੁਚੀਆਂ ਵਿਕਸਿਤ ਕਰਨ ਲਈ ਲਾਇਬ੍ਰੇਰੀਆਂ ਵਿੱਚ ਬੰਦ ਪਈਆਂ ਕਿਤਾਬਾਂ ਨੂੰ ਵਿਦਿਆਰਥੀਆਂ ਦੇ ਹੱਥਾਂ ਵਿੱਚ ਦੇਣ ਲਈ ਪੂਰਾ ਇੱਕ ਮਹੀਨਾ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।
Pre-Primary
ਅਧਿਆਪਕਾਂ ਦੁਆਰਾ ਹਰੇਕ ਵਿਦਿਆਰਥੀ ਨੂੰ ਕਿਤਾਬ ਜਾਰੀ ਕਰਨੀ ਯਕੀਨੀ ਬਣਾਈ ਜਾਵੇ।ਮਾਸਟਰ ਟ੍ਰੇਨਰਾਂ ਨੂੰ ਕਿਹਾ ਕਿ ਮਾਸਟਰ ਟਰੇਨਰ ਆਉਣ ਵਾਲੇ ਸਮੇਂ ਵਿੱਚ ਸਿੱਖਿਆ ਵਿਭਾਗ ਅਤੇ ਅਧਿਆਪਕਾਂ ਵਿੱਚਾਲੇ ਇੱਕ ਮਜ਼ਬੂਤ ਕੜੀ ਦਾ ਕੰਮ ਕਰਦੇ ਹੋਏ ਅਧਿਆਪਕਾਂ ਦੇ ਸਕੂਲਾਂ ਸਬੰਧੀ ਅਤੇ ਨਿੱਜੀ ਦਫ਼ਤਰੀ ਮਸਲਿਆਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਨ।
ਉਹਨਾਂ ਇਹ ਵੀ ਕਿਹਾ ਕਿ ਜੇਕਰ ਕੋਈ ਵੀ ਸਿੱਖਿਆ ਅਧਿਕਾਰੀ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦਾ ਕੋਈ ਵੀ ਰਿਸੋਰਸ ਪਰਸਨ ਸਕੂਲ ਵਿਜਿਟ ਕਰਨ ਜਾ ਰਿਹਾ ਹੈ ਤਾਂ ਅਜਿਹੀ ਵਿਜਿਟ ਇੱਕ ਚੈਕਿੰਗ ਦਾ ਹਊਆ ਨਾ ਹੋ ਕੇ ਸਿੱਖਿਆ ਸਬੰਧੀ ਸੁਧਾਰਕ ਅਤੇ ਸਹਾਇਕ ਵਿਜਿਟ ਹੋਣੀ ਚਾਹੀਦੀ ਹੈ। ਉਹਨਾਂ ਸਿੱਖਿਆ ਵਿਭਾਗ ਦੁਆਰਾ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਅਧੀਨ ਐਜੂਸੈੱਟ ਰਾਹੀਂ ਸਿਖਲਾਈ ਵਰਕਸ਼ਾਪ ਲਗਾਉਣ ਦੀ ਮਲਟੀਮੀਡੀਆ ਤਕਨੀਕ ਦੀ ਵੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਸਿਖਲਾਈ ਪ੍ਰੋਗਰਾਮਾਂ ਲਈ ਨਵੀਆਂ ਤਕਨੀਕਾਂ ਦੀ ਵਰਤੋਂ ਕਰਨ ਵਿੱਚ ਹੁਨਰਮੰਦ ਅਤੇ ਨਿਪੁੰਨ ਹੈ।
Pre-Primary Sports
ਇਸ ਮੌਕੇ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਇੰਦਰਜੀਤ ਸਿੰਘ ਨੇ ਵੀ ਅਧਿਆਪਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪ੍ਰੀ ਪ੍ਰਾਇਮਰੀ ਖੇਡ ਮਹਿਲ ਦੀ ਸਿਖਲਾਈ ਅਧਿਆਪਕਾਂ ਨੂੰ ਪੂਰੀ ਸੰਜੀਦਗੀ ਨਾਲ ਲੈਣੀ ਚਾਹੀਦੀ ਹੈ। ਜੇਕਰ ਅਧਿਆਪਕਾਂ ਨੂੰ ਸਿਖਲਾਈ ਵਰਕਸ਼ਾਪ ਸਬੰਧੀ ਕੋਈ ਵਿਚਾਰ ਜਾਂ ਸੁਝਾਅ ਹਨ ਤਾਂ ਉਹ ਬੇਝਿਜਕ ਹੋ ਕੇ ਵਟਸਐਪ ਗਰੁੱਪ ਵਿੱਚ ਸਾਂਝਾ ਕਰ ਸਕਦੇ ਹਨ।ਉਹਨਾਂ ਅਧਿਆਪਕਾਂ ਨੂੰ ਸਮਰ ਕੈਂਪਾਂ ਅਤੇ ਸਮਾਰਟ ਸਕੂਲਾਂ ਸਬੰਧੀ ਵਧਾਈ ਦੇ ਕੇ ਅਧਿਆਪਕਾਂ ਦੀ ਹੌਂਸਲਾ ਅਫ਼ਜਾਈ ਵੀ ਕੀਤੀ।
ਇਸ ਮੌਕੇ ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟਰੇਨਿੰਗਾਂ, ਕਰਮਜੀਤ ਕੌਰ ਡਿਪਟੀ ਐੱਸ.ਪੀ.ਡੀ ਐਜੂਸੈੱਟ, ਡਾ. ਦਵਿੰਦਰ ਸਿੰਘ ਬੋਹਾ ਸਟੇਟ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਅੰਮ੍ਰਿਤਪਾਲ ਸਿੰਘ ਅਤੇ ਸਿੱਖਿਆ ਵਿਭਾਗ ਦੇ ਸਟੇਟ ਰਿਸੋਰਸ ਪਰਸਨ ਵੀ ਹਾਜਰ ਸਨ।
ਫੋਟੋ:ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ, ਇੰਦਰਜੀਤ ਸਿੰਘ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ, ਡਾ.ਦਵਿੰਦਰ ਸਿੰਘ ਬੋਹਾ ਸਟੇਟ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪੰਜਾਬ ਐਜੂਸੈੱਟ ਰਾਹੀਂ ਸੰਬੋਧਨ ਕਰਦੇ ਹੋਏ।