
ਜ਼ੀਕਾ ਵਾਇਰਸ ਦੀ ਸਥਿਤੀ ’ਤੇ ਨਿਗਰਾਨੀ ਲਈ ਮਾਹਰਾਂ ਦੀ ਕੇਂਦਰੀ ਟੀਮ ਕੇਰਲ ਲਈ ਰਵਾਨਾ
ਨਵੀਂ ਦਿੱਲੀ, 9 ਜੁਲਾਈ : ਕੇਰਲ ’ਚ ਜ਼ੀਕਾ ਵਾਇਰਸ ਦੀ ਸਥਿਤੀ ’ਤੇ ਨਜ਼ਰ ਰਖਣ ਅਤੇ ਮਾਮਲਿਆਂ ਦੇ ਪ੍ਰਬੰਧਨ ’ਚ ਰਾਜ ਸਰਕਾਰ ਨੂੰ ਸਹਿਯੋਗ ਦੇਣ ਲਈ ਮਾਹਰਾਂ ਦੀ 6 ਮੈਂਬਰੀ ਕੇਂਦਰੀ ਟੀਮ ਦਖਣੀ ਰਾਜ ਲਈ ਰਵਾਨਾ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ।
ਕੇਰਲ ’ਚ ਹੁਣ ਤਕ ਜ਼ੀਕਾ ਵਾਇਰਸ ਦੇ 14 ਮਾਮਲੇ ਸਾਹਮਣੇ ਆਏ ਹਨ। ਉਥੇ ਅਲਰਟ ਜਾਰੀ ਕਰ ਦਿਤਾ ਗਿਆ ਹੈ।
ਸਿਹਤ ਮੰਤਰਾਲੇ ’ਚ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ, ‘‘ਕੇਰਲ ਤੋਂ ਜ਼ੀਕਾ ਦੇ ਕੁੱਝ ਮਾਮਲੇ ਆਏ ਹਨ। ਹਾਲਾਤ ’ਤੇ ਨਜ਼ਰ ਰਖਣ ਅਤੇ ਰਾਜ ਸਰਕਾਰ ਨੂੰ ਸਹਿਯੋਗ ਦੇਣ ਲਈ 6 ਮੈਂਬਰੀ ਟੀਮ ਨੂੰ ਉਥੇ ਪਹੁੰਚਣ ਦੇ ਅਤੇ ਜ਼ੀਕਾ ਦੇ ਪ੍ਰਬੰਧਨ ’ਚ ਸੂਬਾ ਸਰਕਾਰ ਨੂੰ ਸਹਿਯੋਗ ਦੇਣ ਲਈ ਨਿਰਦੇਸ਼ ਦਿਤੇ ਗਏ ਹਨ। ਸੂਬੇ ’ਚ ਵੀਰਵਾਰ ਨੂੰ ਮੱਛਰਾਂ ਦੇ ਕੱਟਣ ਨਾਲ ਹੋਣ ਵਾਲੀ ਇਸ ਬਿਮਾਰੀ ਦਾ ਪਹਿਲਾ ਮਾਮਲਾ 24 ਸਾਲ ਦੀ ਗਰਭਵਤੀ ਔਰਤ ’ਚ ਸਾਹਮਣੇ ਆਇਆ ਸੀ। ਸੂਬਾ ਸਰਕਾਰ ਮੁਤਾਬਕ, ਰਾਸ਼ਟਰੀ ਵਿਸ਼ਾਣੂ ਵਿਗਿਆਨ ਸੰਸਥਾਨ (ਐਨਆਈਵੀ) ਨੇ ਸ਼ੁਕਰਵਾਰ ਨੂੰ 13 ਹੋਰ ਅਜਿਹੇ ਮਾਮਲਿਆਂ ਦੀ ਪੁਸ਼ਿਟੀ ਕੀਤੀ ਹੈ। ਜ਼ੀਕਾ ਦੇ ਲੱਛਣ ਡੇਂਗੂ ਦੀ ਤਰ੍ਹਾਂ ਹਨ ਜਿਨ੍ਹਾਂ ਵਿਚ ਬੁਖ਼ਾਰ, ਚਮੜੀ ਰੋਗ ਅਤੇ ਜੋੜਾਂ ’ਚ ਦਰਦ ਹੋਣਾ ਸ਼ਾਮਲ ਹੈ। ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਕਿ ਜ਼ੀਕਾ ਵਾਇਰਸ ਦੇ ਪ੍ਰਕੋਪ ਦੀ ਰੋਕਥਾਮ ਲਈ ਕਾਰਜਯੋਜਨਾ ਤਿਆਰ ਕਰ ਲਈ ਗਈ ਹੈ। (ਏਜੰਸੀ)