
ਇੰਨੀ ਗਰਮੀ ਪਈ ਕਿ ਕੈਨੇਡਾ ਵਿਚ 100 ਕਰੋੜ ਸਮੁੰਦਰੀ ਜੀਵ ਮਰ ਗਏ
ਟੋਰਾਂਟੋ, 9 ਜੁਲਾਈ : ਪਿਛਲੇ ਦਿਨੀ ਕੈਨੇਡਾ ਵਿਚ ਪਈ ਅਤਿ ਦੀ ਗਰਮੀ ਕਾਰਨ 100 ਕਰੋੜ ਤੋਂ ਜ਼ਿਆਦਾ ਸਮੁੰਦਰੀ ਜੀਵਾਂ ਦੇ ਮਰਨ ਦਾ ਖਦਸ਼ਾ ਹੈ। ਬ੍ਰਿਟਿਸ਼ ਕੋਲੰਬੀਆ ਯੂਨੀਵਰਸਟੀ ਦੇ ਮਾਹਰਾਂ ਦੀ ਟੀਮ ਨੇ ਇਹ ਦਾਅਵਾ ਕੀਤਾ ਹੈ। ਟੀਮ ਦੇ ਮੈਂਬਰ ਸਮੁੰਦਰੀ ਜੀਵ ਵਿਗਿਆਨੀ ਕ੍ਰਿਸਟੋਫਰ ਹਾਰਲੇ ਨੇ ਕਿਹਾ ਕਿ ਅਸੀਂ ‘ਹੀਟ ਡੋਮ’ ਦੇ ਕਾਰਨ ਸਮੁੰਦਰੀ ਜੀਵਾਂ ਦੇ ਨੁਕਸਾਨ ਦਾ ਆਕਲਨ ਕਰ ਰਹੇ ਹਨ।
ਕੈਨੇਡਾ ਵਿਚ ਸਮੁੰਦਰ ਤਟ ਦਾ ਘੇਰਾ 100 ਕਿਲੋਮੀਟਰ ਤੋਂ ਜ਼ਿਆਦਾ ਦਾ ਹੈ। ਜ਼ਿਆਦਾ ਤਾਪਮਾਨ ਕਾਰਨ ਹਾਲਾਤ ਭਿਆਨਕ ਬਣ ਗਏ। ਦਰਅਸਲ, ਪਿਛਲੇ ਹਫਤੇ ਪੱਛਮੀ ਕੈਨੇਡਾ ਅਤੇ ਉਤਰ-ਪੱਛਮ ਅਮਰੀਕਾ ਵਿਚ ਹੀਟ ਡੋਮ ਨੇ ਤਬਾਹੀ ਮਚਾਈ ਸੀ। ਇਸ ਨਾਲ ਇਨ੍ਹਾਂ ਖੇਤਰਾਂ ਵਿਚ ਤਾਪਮਾਨ ਰਿਕਾਰਡ 49 ਡਿਗਰੀ ਦੇ ਉਪਰ ਚਲਾ ਗਿਆ ਸੀ। ਜਦ ਕਿ ਜੂਨ-ਜੁਲਾਈ ਵਿਚ ਇੱਥੇ ਤਾਪਮਾਨ 17 ਡਿਗਰੀ ਤੋਂ ਥੱਲੇ ਹੀ ਹੁੰਦਾ ਹੈ। ਹੀਟ ਡੋਮ ਦੇ ਕਾਰਨ ਵਾਤਾਵਰਣ ਵਿਚ ਉਚ ਦਬਾਅ ਦਾ ਇੱਕ ਖੇਤਰ ਥੱਲੇ ਦੀ ਹਵਾ ਨੂੰ ਬਾਹਰ ਕੱਢਣ ਤੋਂ ਰੋਕਦਾ ਹੈ। ਇਹ ਗੁੰਬਦ ਹਵਾ ਨੂੰ ਥੱਲੇ ਵੱਲ ਲੈ ਜਾਂਦਾ ਹੈ। ਇਸ ਨਾਲ ਤਾਪਮਾਨ ਵਧਦਾ ਜਾਂਦਾ ਹੈ। ਜ਼ਿਆਦਾ ਤਾਪਮਾਨ ਦੇ ਕਾਰਨ ਕੈਨੇਡਾ ਦੇ ਜੰਗਲਾਂ ਵਿਚ ਅੱਗ ਲੱਗ ਗਈ ਸੀ। ਹੀਟ ਡੋਮ ਦੇ ਕਾਰਨ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਖੇਤਰ ਵਿਚ 500 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦ ਕਿ ਅਮਰੀਕਾ ਵਿਚ ਕਰੀਬ 140 ਲੋਕ ਮਾਰੇ ਜਾ ਚੁੱਕੇ ਹਨ। ਅਮਰੀਕਾ ਦੇ ਓਰੇਗਨ ਅਤੇ ਵਾਸ਼ਿੰਗਟਨ ਵਿਚ ਜ਼ਿਆਦਾ ਨੁਕਸਾਨ ਹੋਇਆ ਹੈ। (ਏਜੰਸੀ)