
ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੇ ਖ਼ਦਸ਼ੇ ਦੇ ਮੱਦੇਨਜ਼ਰ ਪੜਾਅਵਾਰ ਯੋਜਨਾ ਨੂੰ ਮਨਜ਼ੂਰੀ ਦਿਤੀ : ਕੇਜਰੀਵਾਲ
ਨਵੀਂ ਦਿੱਲੀ, 9 ਜੁਲਾਈ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁਕਰਵਾਰ ਨੂੰ ਕਿਹਾ ਕਿ ਦਿੱਲੀ ਆਫ਼ਤ ਪ੍ਰਬੰਧਨ ਅਥਾਰਿਟੀ (ਡੀਡੀਐਮਏ) ਦੀ ਬੈਠਕ ’ਚ ਕੋਵਿਡ 19 ਦੀ ਸੰਭਾਵਤ ਤੀਜੀ ਲਹਿਰ ਨਾਲ ਨਜਿੱਠਣ ਲਈ ‘ਗ੍ਰੇਡੇਡ ਰਿਸਪਾਨਸ ਐਕਸ਼ਨ ਪਲਾਨ’ ਨੂੰ ਮਨਜ਼ੂਰੀ ਦਿਤੀ ਗਈ ਹੈ। ਦਿੱਲੀ ਸਰਕਾਰ ਦੀ ਇਕ ਕਮੇਟੀ ਨੇ ਕੋਵਿਡ ਦੀ ਸੰਭਾਵਤ ਤੀਜੀ ਲਹਿਰ ਨਾਲ ਨਜਿੱਠਣ ਲਈ ਰੰਗਾ ਦੇ ਕੋਡ ਦੀ ਪ੍ਰਣਾਲੀ ਤਿਆਰ ਕੀਤੀ ਹੈ ਜੋ ਪੜਾਅਵਾਰ ਪ੍ਰਤੀਕੀਰੀਆ ਦਾ ਸੁਝਾਅ ਦਵੇਗੀ ਜਿਵੇਂ ਕਿ ਹਾਈ ਅਲਰਟ ਵਾਲੇ ‘ਲਾਲ’ ਪੱਧਰ ’ਤੇ ਜ਼ਿਆਦਾਤਰ ਆਰਥਕ ਗਤੀਵਿਧੀਆਂ ਨੂੰ ਬੰਦ ਕਰ ਦੇਣਾ। ਕੇਜਰੀਵਾਲ ਨੇ ਟਵੀਟ ਕੀਤਾ, ‘‘ਅੱਜ ਡੀਡੀਐਮਏ ਦੀ ਬੈਠਕ ’ਚ ‘ਗੇ੍ਰਡੇਡ ਰਿਸਪਾਨਸ ਐਕਸ਼ਨ ਪਲਾਨ’ ਕੀਤਾ ਗਿਆ। ਕਦੋਂ ਤਾਲਾਬੰਦੀ ਲਗੇਗੀ ਅਤੇ ਕਦ ਕੀ ਖੁਲ੍ਹੇਗਾ, ਇਸ ਨੂੰ ਲੈ ਕੇ ਹੁਣ ਸ਼ੰਕੇ ਦੀ ਸਥਿਤੀ ਨਹੀਂ ਰਹੇਗੀ। ਬੈਠਕ ’ਚ ਕੋਰੋਨਾ ਵਾਇਰਸ ਦੇ ਡੇਲਟਾ ਪਲੱਸ ਰੂਪ ਨੂੰ ਲੈ ਕੇ ਵੀ ਗੱਲ ਹੋਈ। ਇਸ ਰੂਪ ਨੂੰ ਸਾਨੂੰ ਦਿੱਲੀ ’ਚ ਫੈਲਣ ਤੋਂ ਰੋਕਣਾ ਹੈ ਜਿਸ ਦੇ ਲਈ ਸਰਕਾਰ ਹਰ ਜ਼ਰੂਰੀ ਕਦਮ ਚੁੱਕ ਰਹੀ ਹੈ। ’’
ਅਲਰਟ ਦੇ ਚਾਰ ਵੱਖਰੇ ਪੱਧਰ ‘ਕਲਰ ਕੋਡ’ ਦੇ ਜ਼ਰੀਏ ਦਸੇ ਜਾਣਗੇ ਜਿਨ੍ਹਾਂ ਵਿਚੋਂ ਲਗਾਤਾਰ ਦੋ ਦਿਨ ਦੀ ਲਾਗ ਦਰ, ਇਕ ਹਫ਼ਤੇ ’ਚ ਲਾਗ ਦੇ ਕੁਲ ਨਵੇਂ ਮਾਮਲੇ ਅਤੇ ਇਕ ਹਫ਼ਤੇ ’ਚ ਔਸਤਨ ਕਿੰਨੇ ਆਕਸੀਜ਼ਨ ਬੈਡ ਭਰੇ, ਇਨ੍ਹਾਂ ਆਧਾਰਾਂ ’ਤੇ ਫ਼ੈਸਲਾ ਲਿਆ ਜਾਵੇਗਾ। ਪੜਾਅਵਾਰ ਕਦਮਾਂ ’ਚ ਗਲੋਬਲ ਮਹਾਂਮਾਰੀ ਦੀ ਗੰਭੀਰਤਾ ਦੇ ਆਧਾਰ ’ਤੇ ਅਲਰਟ ਦੇ ਪੱਧਰ ਦੇ ਮੁਤਾਬਕ ਆਰਥਕ ਗਤੀਵਿਧੀਆਂ ਰੋਕਣਾ ਸ਼ਾਮਲ ਹੈ। ਅਲਰਟ ਦੇ ਸਾਰੇ ਚਾਰ ਪੱਧਰਾਂ ’ਚ ਜ਼ਰੂਰੀ ਵਸਤੂਆਂ ਦੀ ਦੁਕਾਨਾਂ ਅਤੇ ਅਦਾਰੇ ਖੁਲ੍ਹ ਸਕਣਗੇ ਤੇ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ। (ਏਜੰਸੀ)