
ਪੰਡਤ ਰਾਉ ਨੇ ਸਿੱਧੂ ਮੂਸੇਵਾਲਾ ਅਤੇ ਪੰਜਾਬ ਪੁਲਿਸ ਦੀ ਮਾਡਲ ਬਣੀ ਸਬ ਇੰਸਪੈਕਟਰ ਹਰਸ਼ਜੋਤ ਕੌਰ ਵਿਰੁਧ ਖੋਲਿ੍ਹਆ ਮੋਰਚਾ
ਪਟਿਆਲਾ, 9 ਜੁਲਾਈ (ਅਵਤਾਰ ਸਿੰਘ ਗਿੱਲ) : ਵਿਵਾਦਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵਲੋਂ ਬਾਗੜੀਆਂ ਹਵੇਲੀ ਵਿਚ ਫਿਲਮਾਏ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਵਿਰੁਧ ਖੜੇ ਹੋਏ ਪੰਡਤ ਰਾਉ ਧਰੇਨਵਰ ਨੇ ਪਟਿਆਲਾ ਦੇ ਡੀ.ਆਈ.ਜੀ ਵਿਕਰਮਜੀਤ ਦੁੱਗਲ ਨਾਲ ਮੁਲਾਕਾਤ ਕਰ ਸਿੱਧੂ ਮੁਸੇਵਾਲੇ ਸਮੇਤ ਪੰਜਾਬ ਪੁਲਿਸ ਦੀ ਮਾਡਲ ਬਣੀ ਸਬ ਇੰਸਪੈਕਟਰ ਹਰਸ਼ਜੋਤ ਕੌਰ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ |
ਲੱਚਰ, ਸ਼ਰਾਬੀ ਅਤੇ ਹਥਿਆਰੀ ਗਾਣੇ ਵਿਰੁਧ ਅਵਾਜ਼ ਉਠਾਉਣ ਵਾਲੇ ਪੰਡਤ ਰਾਉ ਧਰੇਨਵਰ ਨੇ ਪੰਜਾਬ ਪੁਲਿਸ ਵਿਚ ਬਤੌਰ ਸਬ ਇੰਸਪੈਕਟਰ ਦੇ ਅਹੁਦੇ ਤੇ ਕੰਮ ਕਰਨ ਵਾਲੇ ਹਰਸ਼ਜੋਤ ਕੌਰ ਵਿਰੁਧ ਕਾਰਵਾਈ ਕਰਨ ਲਈ ਮੰਗ ਪੱਤਰ ਡੀ.ਆਈ.ਜੀ. ਪਟਿਆਲਾ ਰੇਂਜ ਨੂੰ ਦਿਤਾ ਹੈ |
ਪੰਡਤ ਧਰੇਨਵਰ ਦਾ ਆਰੋਪ ਹੈ ਕਿ ਹਰਸ਼ਜੋਤ ਕੌਰ ਨੇ ਪੰਜਾਬ ਪੁਲਿਸ ਵਿਚ ਜ਼ਿੰਮਵਾਰ ਅਫ਼ਸਰ ਹੋਣ ਦੇ ਬਾਵਜੂਦ ਸਿੱਧੂ ਮੁੱਸੇਵਾਲਾ ਦੇ ਗਾਣੇ ਵਿਚ ਅਦਾਕਾਰੀ ਪੇਸ਼ ਕੀਤੀ ਹੈ ਜਿਸ ਗਾਣੇ ਵਿਚ ਨਾ ਸਿਰਫ਼ ''ਸੁਣਿਆ ਕਿ ਤੇਰੇ ਕੋਲ ਸੱਤ ਅਸਲੇ'' ਵਰਗੇ ਭੜਕਾਉ ਸ਼ਬਦਾਵਲੀ ਮੌਜੂਦ ਹੈ ਬਲਕਿ ਗਾਣੇ ਦੇ ਟਾਇਟਲ ਵਿਚ ''ਅਣਫੱਕ ਵਿਦਏਬਲ'' ਵਰਗੇ ਲੱਚਰ ਭਰੀ ਸ਼ਬਦਾਵਲੀ ਹੈ |
ਇਸ ਲਈ ਪੰਡਤ ਰਾਉ ਨੇ ਮੰਗ ਕੀਤੀ ਹੈ ਕਿ ਇਸ ਗਾਣੇ ਵਿਚ ਅਦਾਕਾਰੀ ਪੇਸ਼ ਕਰਨ ਲਈ ਹਰਸ਼ਜੋਤ ਕੌਰ ਨੇ ਪੰਜਾਬ ਪੁਲਿਸ ਵਿਭਾਗ ਤੋਂ ਮਨਜ਼ੂਰੀ ਲਈ ਹੈ ਜਾਂ ਨਹੀਂ ਇਸ ਬਾਰੇ ਜਾਣਕਾਰੀ ਦਿਤੀ ਜਾਵੇ |
ਇਸ ਤੋਂ ਇਲਾਵਾ ਪੰਡਤ ਰਾਉ ਨੇ ਜਾਣਕਾਰੀ ਮੰਗੀ ਹੈ ਕਿ ਇਹ ਗਾਣਾ ਸੈਂਸਰ ਬੋਰਡ ਆਫ਼ ਇੰਡੀਆ ਤੋਂ ਪਾਸ ਹੋਇਆ ਹੈ ਜਾਂ ਨਹੀਂ | ਗਾਣੇ ਦੇ ਟਾਇਟਲ ''ਅਣਫੱਕ ਵਿਦਏਬਲ'' ਸ਼ਬਦ 'ਤੇ ਇਤਰਾਜ਼ ਕਰਦੇ ਹੋਏ ਪੰਡਤ ਰਾਉ ਨੇ ਹਰਸ਼ਜੋਤ ਕੌਰ ਤੋਂ ਲਿਖਤ ਰੂਪ ਵਿਚ ਇਸ ਸ਼ਬਦ ਦਾ ਅਰਥ ਮੰਗਿਆ ਹੈ | ਇਸ ਗਾਣੇ ਵਿਚ ਅਵਾਜ਼ ਪ੍ਰਦੂਸ਼ਣ ਨੂੰ ਫੈਲਾਉਣ ਵਾਲੇ ਲਾਊਡ ਸਪੀਕਰ ਦੀ ਵਰਤੋਂ ਹੋਣ ਦੇ ਆਰੋਪ ਵੀ ਪੰਡਤ ਰਾਉ ਨੇ ਲਗਾਏ ਹਨ | ਪਟਿਆਲਾ ਰੇਂਜ ਦੇ ਡੀ.ਜੀ.ਪੀ. ਬਿਕਰਮਜੀਤ ਸਿੰਘ ਦੁੱਗਲ, ਆਈ.ਪੀ.ਐੱਸ. ਨੂੰ ਮਿਲ ਕੇ ਅਪਣੀ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਪੰਡਤ ਰਾਉ ਨੇ ਕਿਹਾ ਕਿ ਬਿਕਰਮਜੀਤ ਸਿੰਘ ਦੁੱਗਲ, ਆਈ.ਪੀ.ਐੱਸ. ਨੇ ਸਬੰਧਤ ਵਿਭਾਗ ਤੋਂ ਰਿਪੋਰਟ ਮੰਗੀ ਹੈ |
ਫ਼ੋਟੋ ਨੰ: 9 ਪੀਏਟੀ 16