
ਪੰਜਾਬ ਦੇ ਸਰਕਾਰੀ ਡਾਕਟਰ ਸੋਮਵਾਰ ਤੋਂ ਮੁੜ ਕਰਨਗੇ ਇਕ ਹਫ਼ਤੇ ਦੀ ਹੜਤਾਲ
ਤਿੰਨ ਦਿਨ ਓ.ਪੀ.ਡੀ. ਤੇ ਵੈਟਰਨਰੀ ਸੇਵਾਵਾਂ ਵੀ ਰਖਣਗੇ ਠੱਪ
ਚੰਡੀਗੜ੍ਹ, 10 ਜੁਲਾਈ (ਭੁੱਲਰ) : ਜੁਆਇੰਟ ਗੌਰਮਿੰਟ ਡਾਕਟਰਜ ਤਾਲਮੇਲ ਕਮੇਟੀ ਵੱਲੋਂ ਇਕ ਹੰਗਾਮੀ ਮੀਟਿੰਗ ਕੀਤੀ ਗਈ ਅਤੇ ਐੱਨ.ਪੀ.ਏ ਦੇ ਮੁੱਦੇ ਤੇ ਸਰਕਾਰ ਵੱਲੋਂ ਚੁੱਪੀ ਸਾਧਣ ਅਤੇ ਇਸ ਦਾ ਕੋਈ ਸਾਰਥਕ ਹੱਲ ਨਾ ਕੱਢਣ ਤੇ ਐਲਾਨ ਕੀਤਾ ਗਿਆ ਕਿ ਆਉਂਦੀ 12 ਤਰੀਕ ਤੋਂ 14 ਤਰੀਕ ਤਕ ਓ.ਪੀ.ਡੀ ਸਮੇਤ ਸੂਬੇ ਦੀਆਂ ਸਿਹਤ ਅਤੇ ਵੈਟਰਨਰੀ ਸੇਵਾਵਾਂ ਨੂੰ ਮੁਕੰਮਲ ਤੌਰ ਤੇ ਬੰਦ ਰੱਖਿਆ ਜਾਵੇਗਾ ਅਤੇ ਲੋਕ ਹਿੱਤ ਵਿੱਚ ਐਮਰਜੈਂਸੀ, ਕੋਵਿਡ, ਪੋਸਟਮਾਰਟਮ ਤੇ ਮੈਡੀਕੋ ਲੀਗਲ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਜਾਰੀ ਰਹਿਣਗੀਆਂ। ਇਕ ਹਫ਼ਤੇ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ।
ਤਾਲਮੇਲ ਕਮੇਟੀ ਦੇ ਡਾ ਗਗਨਦੀਪ ਸਿੰਘ ਪ੍ਰਧਾਨ, ਪੀ.ਸੀ.ਐਮ.ਐਸ.ਏ, ਡਾ ਸਰਬਜੀਤ ਸਿੰਘ ਰੰਧਾਵਾ ਪ੍ਰਧਾਨ, ਵੈਟਰਨਰੀ ਅਫਸਰ ਐਸੋਸੀਏਸ਼ਨ, ਡਾ ਗਗਨਦੀਪ ਸਿੰਘ ਸ਼ੇਰਗਿੱਲ ਸੀਨੀਅਰ ਮੀਤ ਪ੍ਰਧਾਨ ਪੀ.ਸੀ.ਐਮ.ਐਸ.ਏ, ਡਾ ਪਵਨਪ੍ਰੀਤ ਕੌਰ ਪ੍ਰਧਾਨ, ਡੈਂਟਲ ਐਸੋਸੀਏਸ਼ਨ, ਡਾ ਸੰਜੀਵ ਪਾਠਕ ਪ੍ਰਧਾਨ, ਆਯੁਰਵੈਦਿਕ ਐਸੋਸੀਏਸ਼ਨ, ਡਾ ਬਲਵਿੰਦਰ ਸਿੰਘ ਪ੍ਰਧਾਨ ਹੋਮਿਓਪੈਥਿਕ ਐਸੋਸੀਏਸ਼ਨ ਅਤੇ ਡਾ ਦੀਪਇੰਦਰ ਸਿੰਘ ਪ੍ਰਧਾਨ, ਰੂਰਲ ਮੈਡੀਕਲ ਅਫਸਰ ਐਸੋਸੀਏਸ਼ਨ ਵੱਲੋਂ ਦੱਸਿਆ ਗਿਆ ਕਿ ਐਨ.ਪੀ.ਏ ਦੇ ਮੁੱਦੇ ਤੇ ਸਰਕਾਰ ਦੀ ਚੁੱਪੀ ਦੇ ਚਲਦਿਆਂ ਡਾਕਟਰਾਂ ਨੂੰ ਸਖਤ ਕਦਮ ਚੁੱਕਣਾ ਪੈ ਰਿਹਾ ਹੈ, ਪਰ ਹੜਤਾਲ ਦੌਰਾਨ ਆਮ ਜਨਤਾ ਨੂੰ ਪ੍ਰਭਾਵਤ ਨਹੀਂ ਹੋਣ ਦਿਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਆਮ ਜਨਤਾ ਦੀ ਸਹੂਲਤ ਨੂੰ ਦੇਖਦਿਆਂ ਸੂਬੇ ਵਿੱਚ ਐਮਰਜੈਂਸੀ, ਕੋਵਿਡ, ਪੋਸਟਮਾਰਟਮ ਤੇ ਮੈਡੀਕੋ ਲੀਗਲ / ਵੈਟਰੋ ਲੀਗਲ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਜਾਰੀ ਰਹਿਣਗੀਆਂ ਅਤੇ ਇਹ ਵੀ ਫੈਸਲਾ ਕੀਤਾ ਗਿਆ ਕਿ 15 ਤਾਰੀਖ਼ ਤੋਂ ਸੂਬੇ ਦੇ ਸਮੂਹ ਡਾਕਟਰਾਂ ਵੱਲੋਂ ਸਰਕਾਰੀ ਓਪੀਡੀ ਦਾ ਬਾਈਕਾਟ ਕਰ ਕੇ ਹਸਪਤਾਲਾਂ ਦੇ ਲਾਅਨ ਵਿੱਚ ਸਮਾਨਾਂਤਰ ਓ ਪੀ ਡੀ ਚਲਾਈ ਜਾਵੇਗੀ ਤਾਂ ਜੋ ਲੋੜਵੰਦ ਵਿਅਕਤੀ ਸਿਹਤ/ਵੈਟਰਨਰੀ ਸੇਵਾਵਾਂ ਦਾ ਲਾਭ ਲੈਣ ਤੋਂ ਵਾਂਝੇ ਨਾ ਰਹਿ ਸਕਣ । ਉਨ੍ਹਾਂ ਅੱਗੇ ਐਲਾਨ ਕੀਤਾ ਕਿ ਸਿਹਤ ਸੇਵਾਵਾਂ ਦੇ ਬਾਈਕਾਟ ਦੌਰਾਨ ਸੂਬੇ ਦੇ ਸਮੂਹ ਡਾਕਟਰਾਂ ਵੱਲੋਂ ਖੂਨ ਦਾਨ ਵੀ ਕੀਤਾ ਜਾਵੇਗਾ ਜਿਸ ਤਹਿਤ 15 ਨੂੰ ਮਾਲਵਾ 16 ਨੂੰ ਮਾਝਾ ਅਤੇ 17 ਨੂੰ ਦੋਆਬਾ ਖੇਤਰਾਂ ਵਿਚ ਖ਼ੂਨਦਾਨ ਕੈਂਪ ਲਗਾਏ ਜਾਣਗੇ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਿਹਤ ਮੰਤਰੀ ਵੱਲੋਂ ਐੱਨ.ਪੀ.ਏ ਦਾ ਮੁੱਦਾ ਇਕ ਹਫਤੇ ਦੇ ਅੰਦਰ ਅੰਦਰ ਹੱਲ ਕਰਨ ਲਈ ਤਾਲਮੇਲ ਕਮੇਟੀ ਨੂੰ ਭਰੋਸਾ ਦਿੱਤਾ ਗਿਆ ਸੀ ਪਰ ਇਸ ਸੰਬੰਧੀ ਇੱਕ ਹਫ਼ਤਾ ਬੀਤਣ ਤੇ ਵੀ ਅਜੇ ਤੱਕ ਸਰਕਾਰ ਵੱਲੋਂ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ।