
ਔਖੀ ਘੜੀ ’ਚ ਸ਼੍ਰੀਲੰਕਾ ਨੂੰ ਉਤਾਰਨੀ ਪੈ ਸਕਦੀ ਹੈ ‘ਬੀ’ ਟੀਮ
ਕਲੰਬੋ, 9 ਜੁਲਾਈ : 13 ਜੁਲਾਈ ਨੂੰ ਭਾਰਤ ਵਿਰੁਧ ਘਰੇਲੂ ਲੜੀ ਸ਼ੁਰੂ ਹੋਣ ਤੋਂ ਪਹਿਲਾਂ ਸ੍ਰੀਲੰਕਾ ਦੀ ਟੀਮ ਕੋਰੋਨਾ ਨਾਲ ਜੂਝ ਰਹੀ ਹੈ। ਖ਼ਬਰ ਇਹ ਹੈ ਕਿ ਸ੍ਰੀਲੰਕਾ ਦੀ ਟੀਮ ਅਜੇ ਦੋ ਦਿਨ ਲਈ ਕੁਆਰੰਟਾਈਨ ਰਹੇਗਾ ਤੇ ਇਹ ਵੀ ਹੋ ਸਕਦਾ ਹੈ ਕਿ ਸ੍ਰੀਲੰਕਾ ਨੂੰ ਭਾਰਤ ਵਿਰੁਧ ਪਹਿਲੇ ਮੈਚ ’ਚ ਅਪਣੀ ਬੀ ਟੀਮ ਉਤਾਰਨੀ ਪੈ ਜਾਵੇ। ਦਰਅਸਲ, ਟੀਮ ਦੇ ਬੱਲੇਬਾਜ਼ੀ ਕੋਚ ਐਂਡੀ ਫ਼ਲਾਵਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸ਼੍ਰੀਲੰਕਾ ਦੀ ਟੀਮ ਅਜੇ ਇੰਗਲੈਂਡ ਦੇ ਦੌਰੇ ਤੋਂ ਪਰਤੀ ਹੈ। ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਸਾਵਧਾਨੀ ਦੇ ਤੌਰ ’ਤੇ ਫ਼ਲਾਵਰ ਨੂੰ ਟੀਮ ਤੋਂ ਵੱਖ ਕਰ ਦਿਤਾ ਹੈ।
ਫ਼ਿਲਹਾਲ ਭਾਰਤੀ ਟੀਮ ਆਪਣੇ ਕੁਆਰਨਟਾਈਨ ਪੂਰਾ ਹੋਣ ਦੇ ਬਾਅਦ ਕੋਲੰਬੋ ਦੇ ਕ੍ਰਿਕਟ ਮੈਦਾਨ ’ਤੇ ਪ੍ਰੈਕਟਿਸ ਕਰ ਰਹੀ ਹੈ। ਵੈਸੇ ਸ਼੍ਰੀਲੰਕਾ ਦੀ ਟੀਮ ਇੰਗਲੈਂਡ ਤੋਂ ਬਾਇਉ-ਬਬਲ ਟੂ ਬਾਇਉ-ਬਬਲ ’ਚ ਟਰਾਂਸਫ਼ਰ ਹੋਈ ਸੀ ਪਰ ਸ਼੍ਰੀਲੰਕਾ ਆਉਣ ’ਤੇ ਉਨ੍ਹਾਂ ਦਾ ਕੋਰੋਨਾ ਟੈਸਟ ਹੋਇਆ, ਇਸ ’ਚ ਐਂਡੀ ਫ਼ਲਾਵਰ ਪਾਜ਼ੇਟਿਵ ਪਾਏ ਗਏ। ਹਾਲਾਂਕਿ ਅਜੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਫ਼ਲਾਵਰ ਦੇ ਪਾਜ਼ੇਟਿਵ ਨਿਕਲਣ ਤੋਂ ਬਾਅਦ ਭਾਰਤ-ਸ਼੍ਰ੍ਰੀਲੰਕਾ ਸੀਰੀਜ਼ ’ਤੇ ਕੀ ਪ੍ਰਭਾਵ ਪਵੇਗਾ। ਭਾਵੇਂ ਸ੍ਰੀਲੰਕਾ ਕ੍ਰਿਕਟ ਬੋਰਡ ਇਹ ਦਾਅਵਾ ਕਰ ਰਿਹਾ ਹੈ ਕਿ ਇਸ ਲੜੀ ’ਤੇ ਕੋਰੋਨਾ ਦਾ ਕੋਈ ਅਸਰ ਨਹੀਂ ਪੈਣ ਦਿਤਾ ਜਾਵੇਗਾ ਪਰ ਫ਼ਿਲਹਾਲ ਖ਼ਤਰੇ ਦੇ ਬੱਦਲ ਛਾਏ ਹੋਏ ਹਨ।
(ਏਜੰਸੀ)