
ਤਲਵੰਡੀ ਸਾਬੋ ਥਰਮਲ ਪਲਾਂਟ ਹੋਇਆ ਠੱਪ, ਰੋਪੜ ਦਾ ਤਿੰਨ ਨੰਬਰ ਯੂਨਿਟ ਵੀ ਨਾ ਚਲਿਆ
ਪਟਿਆਲਾ, 9 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਨੂੰ ਬਿਜਲੀ ਸੰਕਟ ਤੋਂ ਰਾਹਤ ਨਹੀਂ ਮਿਲ ਰਹੀ ਹੈ, ਬਿਜਲੀ ਉਤਪਦਾਨ ਲਗਾਤਾਰ ਘਟਣ ਦੇ ਨਾਲ ਹੁਣ ਸਿਰਫ਼ ਮਾਨਸੂਨ ਤੋਂ ਹੀ ਆਸ ਰਹਿ ਗਈ ਹੈ | ਨਿੱਜੀ ਪਲਾਂਟਾਂ 'ਚੋਂ ਇਕ ਤਲਵੰਡੀ ਸਾਬੋ ਥਰਮਲ ਪਲਾਂਟ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ ਜਿਸ ਦੇ ਦੋ ਯੂਨਿਟ ਪਹਿਲਾਂ ਹੀ ਬੰਦ ਹਨ ਤੇ ਬੀਤੇ ਦਿਨਾਂ ਤੋਂ ਅੱਧੀ ਸਮਰਥਾ ਨਾਲ ਚੱਲ ਰਿਹਾ ਤੀਜਾ ਯੂਨਿਟ ਵੀ ਸ਼ੁੱਕਰਵਾਰ ਨੂੰ ਬੰਦ ਹੋ ਗਿਆ ਹੈ | ਇਸ ਤੋਂ ਇਲਾਵਾ ਰੋਪੜ ਵਿਖੇ ਸਥਿਤ ਅਪਣੇ ਪਲਾਂਟ ਦਾ ਇਕ ਯੂਨਿਟ ਬੀਤੇ ਦਿਨ ਤੋਂ ਹੀ ਬੰਦ ਹੈ | ਥਰਮਲਾਂ 'ਤੇ ਬਿਜਲੀ ਉਤਪਾਦਨ ਘਟਣ ਦੇ ਨਾਲ ਬਾਹਰੋਂ ਬਿਜਲੀ ਖ਼ਰੀਦ ਕੇ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ ਹੈ |
ਸ਼ੁਕਰਵਾਰ ਨੂੰ ਬਿਜਲੀ ਉਤਪਾਦਨ ਘਟਣ ਦੇ ਨਾਲ ਬਿਜਲੀ ਕੱਟ ਵੀ ਵੱਧ ਗਏ ਹਨ | ਬਿਜਲੀ ਦੀ ਮੰਗ 13 ਹਜ਼ਾਰ 500 ਮੈਗਾਵਾਟ ਤਕ ਦਰਜ ਕੀਤੀ ਗਈ ਜਿਸ ਵਿਚੋਂ 11 ਹਜ਼ਾਰ 200 ਮੈਗਾਵਾਟ ਮੰਗ ਪੂਰੀ ਕੀਤੀ ਜਾ ਸਕਦੀ ਹੈ ਅਤੇ ਕਰੀਬ 2500 ਮੈਗਾਵਾਟ ਦੀ ਘਾਟ ਰਹੀ ਹੈ | ਪੰਜਾਬ 'ਚ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਤਲਵੰਡੀ ਸਾਬੋ ਵਿਖੇ 1980 ਮੈਗਾਵਾਟ ਦਾ ਪਲਾਂਟ ਸੂਬੇ ਲਈ ਵੱਡੀ ਪ੍ਰੇਸ਼ਾਨੀ ਬਣ ਗਿਆ ਹੈ | ਇਸ ਝੋਨੇ ਦੇ ਸੀਜ਼ਨ ਵਿਚ ਪਲਾਂਟ ਦਾ ਤਿੰਨ ਨੰਬਰ ਯੂਨਿਟ ਪਹਿਲੇ ਦਿਨ ਤੋਂ ਹੀ ਬੰਦ ਪਿਆ ਹੈ ਜਦੋਂਕਿ ਇਕ ਨੰਬਰ ਯੂਨਿਟ ਕੁਝ ਦਿਨ ਚੱਲਣ ਤੋਂ ਬਾਅਦ ਬੰਦ ਹੋ ਗਿਆ ਸੀ ਜੋ ਕਿ ਅੱਜ ਤਕ ਚੱਲ ਨਹੀਂ ਸਕਿਆ ਹੈ | ਇਸ ਯੂਨਿਟ ਨੂੰ ਠੀਕ ਕਰਨ ਦਾ ਕੰਮ ਹਾਲੇ ਚੱਲ ਹੀ ਰਿਹਾ ਸੀ ਕਿ ਹੁਣ ਪਲਾਂਟ ਦਾ ਦੋ ਨੰਬਰ ਯੂਨਿਟ ਵੀ ਬੰਦ ਹੋ ਗਿਆ ਹੈ | ਇਸ ਦੇ ਨਾਲ ਹੀ ਰੋਪੜ ਵਿਖੇ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦਾ 210 ਮੈਗਾਵਾਟ ਯੂਨਿਟ ਵਾਲਾ ਤਿੰਨ ਨੰਬਰ ਯੂਨਿਟ ਵੀ ਨਹੀਂ ਚੱਲ ਸਕਿਆ ਹੈ ਜਿਸ ਨਾਲ ਪੀਐਸਪੀਸੀਐਲ ਨੂੰ 2500 ਮੈਗਾਵਾਟ ਬਿਜਲੀ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮਾਹਰਾਂ ਮੁਤਾਬਕ ਤਲਵੰਡੀ ਸਾਬੋ ਦਾ ਇਕ ਨੰਬਰ ਯੂਨਿਟ ਅਗਲੇ ਇਕ ਦੋ ਦਿਨ ਤਕ ਭਾਵੇਂ ਚੱਲ ਜਾਵੇ ਪਰ ਦੋ ਨੰਬਰ ਯੂਨਿਟ ਦੇ ਗੰਭੀਰ ਨੁਕਸ ਕਰ ਕੇ ਚੱਲਣ 'ਤੇ ਹਾਲੇ ਕਾਫ਼ੀ ਸਮਾਂ ਲਗੇਗਾ ਜਿਸ ਤੋਂ ਸਪੱਸ਼ਟ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਹ ਪੂਰਾ ਮਹੀਨਾ ਅਣਐਲਾਨੇ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ |