
ਪੰਜਾਬ ਦੇ ਫ਼ੂਡ ਤੇ ਡਰੱਗ ਐਡਮਿਨਸਟ੍ਰੇਸ਼ਨ ਕਮਿਸ਼ਨਰ ਕੇ.ਐਸ. ਪੰਨੂ ਵਲੋਂ ਵਿਭਾਗ ਨੂੰ ਮਿਲੀ ਗੁਪਤ ਸੂਚਨਾ ਦੇ ਮੱਦੇਨਜ਼ਰ ਜ਼ੀਰਕਪੁਰ ਵਿਖੇ 5 ਡਰੱਗ..............
ਚੰਡੀਗੜ੍ਹ/ਮੋਹਾਲੀ : ਪੰਜਾਬ ਦੇ ਫ਼ੂਡ ਤੇ ਡਰੱਗ ਐਡਮਿਨਸਟ੍ਰੇਸ਼ਨ ਕਮਿਸ਼ਨਰ ਕੇ.ਐਸ. ਪੰਨੂ ਵਲੋਂ ਵਿਭਾਗ ਨੂੰ ਮਿਲੀ ਗੁਪਤ ਸੂਚਨਾ ਦੇ ਮੱਦੇਨਜ਼ਰ ਜ਼ੀਰਕਪੁਰ ਵਿਖੇ 5 ਡਰੱਗ ਅਤੇ ਸਪਲੀਮੈਂਟ ਨਿਰਮਾਤਾਵਾਂ ਦੀਆਂ ਗ਼ੈਰ ਕਾਨੂੰਨੀ ਗਤੀਵਿਧੀਆਂ 'ਤੇ ਰੋਕ ਲਗਾਉਣ ਲਈ ਫ਼ੂਡ ਅਤੇ ਡਰੱਗ ਰੈਗੂਲੇਟਰਾਂ ਤੇ ਆਧਾਰਤ 5 ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਮੋਹਾਲੀ ਜ਼ਿਲ੍ਹੇ ਵਿਚ ਪੈਂਦੀਆਂ ਫ਼ੈਕਟਰੀਆਂ ਜਿਨ੍ਹਾਂ ਵਿਚ ਮੈਸਰਜ਼ ਐਗਜ਼ੋਟਿਕ ਹੈਲਥਕੇਅਰ, ਸੈਨ ਹੌਸਟਨ, ਐਨ.ਬੀ. ਹੈਲਥਕੇਅਰ, ਜੋ ਇਕ ਹੈਲਥਕੇਅਰ ਅਤੇ ਯੂਨਾਈਟਿਡ ਲੈਬਾਰਟਰੀਜ਼ ਸ਼ਾਮਲ ਹਨ, ਦੀ ਛਾਪੇਮਾਰੀ ਕੀਤੀ ਗਈ।
ਉਕਤ ਫ਼ੂਡ ਸਪਲੀਮੈਂਟ ਅਤੇ ਡਰੱਗ ਨਿਰਮਾਣ ਕੰਪਨੀਆਂ ਕਾਨੂੰਨ ਦੀ ਉਲੰਘਣਾ ਕਰਦਿਆਂ ਫ਼ੂਡ ਸੇਫ਼ਟੀ ਲਾਈਸੈਂਸ ਦੀ ਆੜ ਵਿਚ ਅਜਿਹੇ ਖ਼ਾਸ ਡਰੱਗਜ਼ ਦੇ ਗ਼ੈਰ ਕਾਨੂੰਨੀ ਨਿਰਮਾਣ ਵਿਚ ਲਿਪਤ ਪਾਈਆਂ ਗਈਆਂ ਜਿਨ੍ਹਾਂ ਦਾ ਕੋਈ ਉਪਚਾਰਾਤਮਕ ਪ੍ਰਭਾਵ ਨਹੀਂ ਹੈ। ਇਨ੍ਹਾਂ ਟੀਮਾਂ ਵਲੋਂ ਸਾਂਝੇ ਤੌਰ 'ਤੇ ਸਾਰੇ ਰੀਕਾਰਡਜ਼ ਅਤੇ ਫ਼ਰਮਾਂ ਵਲੋਂ ਬਣਾਏ ਗਏ ਫ਼ਾਰਮੂਲਿਆਂ ਦੀ ਪੜਤਾਲ ਕੀਤੀ ਗਈ।
ਟੀਮਾਂ ਨੇ ਟੈਸਟਿੰਗ ਅਤੇ ਨਿਰੀਖਣ ਲਈ ਅਜਿਹੇ ਭੋਜਨ ਸਪਲੀਮੈਂਟਜ਼ ਅਤੇ ਗੈਰ ਪ੍ਰਮਾਣਤ ਡਰੱਗ ਫ਼ਾਰਮੂਲਿਆਂ ਦੇ 16 ਨਮੂਨੇ ਲਏ ਤਾਂ ਜੋ ਅਜਿਹੇ ਉਤਪਾਦਾਂ ਦੇ ਮਾਰੂ ਪ੍ਰਭਾਵਾਂ ਦਾ ਪਤਾ ਲਗਾਇਆ ਜਾ ਸਕੇ। ਇਨ੍ਹਾਂ ਟੀਮਾਂ ਵੱਲੋਂ 7.55 ਲੱਖ ਰੁਪਏ ਦੇ ਉਤਪਾਦ ਅਤੇ ਕੁੱਝ ਖ਼ਾਸ ਗ਼ੈਰ ਪ੍ਰਮਾਣਤ ਡਰੱਗਜ਼ ਦੀ ਪੈਕੇਜਿੰਗ ਸਮੱਗਰੀ ਵੀ ਬਰਾਮਦ ਕੀਤੀ ਗਈ।