
ਦਖਣੀ ਕੋਰੀਆ 'ਚ ਮੋਹਲੇਧਾਰ ਮੀਂਹ ਕਾਰਨ 8 ਲੋਕਾਂ ਦੀ ਮੌਤ, ਕਈ ਲਾਪਤਾ
ਸਿਓਲ, 9 ਅਗੱਸਤ : ਦਖਣੀ ਕੋਰੀਆ ਦੀ ਰਾਜਧਾਨੀ ਸਿਓਲ ਦੇ ਕੁਝ ਇਲਾਕਿਆਂ ਵਿਚ 80 ਸਾਲਾਂ ਤੋਂ ਬਾਅਦ ਪਏ ਭਿਆਨਕ ਮੀਂਹ ਕਾਰਨ ਆਏ ਹੜ੍ਹ ਵਿਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ, 6 ਲਾਪਤਾ ਅਤੇ 14 ਜ਼ਖ਼ਮੀ ਹੋ ਗਏ | ਸੋਮਵਾਰ ਰਾਤ ਤੋਂ ਰਾਜਧਾਨੀ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਭਾਰੀ ਮੀਂਹ ਪਿਆ, ਜਿਸ ਕਾਰਨ ਸੜਕਾਂ, ਮੈਟਰੋ ਸਟੇਸ਼ਨਾਂ ਵਿਚ ਪਾਣੀ ਭਰ ਗਿਆ ਅਤੇ ਸ਼ਹਿਰ ਅਤੇ ਗੁਆਂਢੀ ਰਾਜਾਂ ਵਿਚ ਬਿਜਲੀ ਬੰਦ ਹੋ ਗਈ |
ਮੌਸਮ ਵਿਭਾਗ ਨੇ ਕਿਹਾ ਕਿ ਕੁਝ ਖੇਤਰਾਂ ਵਿਚ ਪਿਛਲੇ 80 ਸਾਲਾਂ ਵਿਚ ਇਹ ਸਭ ਤੋਂ ਵੱਧ ਮੀਂਹ ਪਿਆ ਹੈ | ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਮੀਂਹ ਕਈ ਦਿਨਾਂ ਤਕ ਜਾਰੀ ਰਹਿ ਸਕਦਾ ਹੈ | ਮੰਗਲਵਾਰ ਨੂੰ ਭਾਰੀ ਮੀਂਹ ਕਾਰਨ ਘਰਾਂ, ਵਾਹਨਾਂ, ਇਮਾਰਤਾਂ ਅਤੇ ਮੈਟਰੋ ਸਟੇਸ਼ਨਾਂ ਲਈ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ | ਰਾਜਧਾਨੀ ਦੇ ਪੱਛਮੀ ਬੰਦਰਗਾਹ ਸ਼ਹਿਰ ਇੰਚੀਓਨ ਅਤੇ ਗਯੋਂਗਗੀ ਸੂਬੇ ਦੇ ਸਿਓਲ ਦੇ ਕੁਝ ਹਿੱਸਿਆਂ ਵਿਚ 1942 ਤੋਂ ਬਾਅਦ ਸੋਮਵਾਰ ਰਾਤ ਨੂੰ 100 ਮਿਲੀਮੀਟਰ ਪ੍ਰਤੀ ਘੰਟੇ ਤੋਂ ਵੱਧ ਮੀਂਹ ਪਿਆ | ਮੌਸਮ ਵਿਗਿਆਨ ਪ੍ਰਸ਼ਾਸਨ ਨੇ ਕਿਹਾ ਕਿ ਰਾਜਧਾਨੀ ਸਿਓਲ ਖੇਤਰ ਵਿਚ ਵੀਰਵਾਰ ਤਕ 300 ਮਿਲੀਮੀਟਰ ਮੀਂਹ ਪੈਣ ਦਾ ਖ਼ਦਸ਼ਾ ਹੈ | ਦਖਣੀ ਗਯੋਂਗਗੀ ਸੂਬੇ ਵਿਚ 350 ਮਿਲੀਮੀਟਰ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ | (ਏਜੰਸੀ)