
GM ਨੇ ਕਿਹਾ ਪਲਾਂਟ ਵਿਚ ਫਿਲਟਰ ਲੱਗੇ ਹੋਏ ਹਨ ਅਤੇ ਮੱਖੀਆਂ ਵੀ ਅੰਦਰ ਨਹੀਂ ਆ ਸਕਦੀਆਂ ਫਿਰ ਚੂਹਾ ਜਾਣਾ ਤਾਂ ਸੰਭਵ ਨਹੀਂ ਹੈ।
ਜ਼ੀਰਕਪੁਰ - ਚੰਡੀਗੜ੍ਹ ਦੇ ਨਾਲ ਲੱਗਦੇ ਕਸਬਾ ਬਲਟਾਣਾ ਤੋਂ ਵੇਰਕਾ ਬ੍ਰਾਂਡ ਦੇ ਦਹੀਂ ਦੇ ਪੈਕੇਟ 'ਚ ਮਰਿਆ ਚੂਹਾ ਮਿਲਣ ਦੀ ਸੂਚਨਾ ਮਿਲੀ ਹੈ। 21 ਸਾਲਾ ਨੌਜਵਾਨ ਅਤੇ ਉਸ ਦੀ ਭੂਆ ਨੇ ਮੰਗਲਵਾਰ ਸ਼ਾਮ ਨੂੰ ਥੋੜ੍ਹਾ ਜਿਹਾ ਪੈਕਟ ਕੱਟ ਕੇ ਕੁਝ ਦਹੀਂ ਖਾਧਾ। ਫਿਰ ਇਸ ਨੂੰ ਫਰਿੱਜ 'ਚ ਰੱਖ ਦਿੱਤਾ ਅਤੇ ਫਿਰ ਸਵੇਰੇ ਦਹੀਂ ਖਾਂਦੇ ਸਮੇਂ ਜਦੋਂ ਬਾਕੀ ਦਹੀਂ ਬਾਹਰ ਕੱਢਿਆ ਤਾਂ ਇਸ ਵਿਚੋਂ ਮਰਿਆ ਹੋਇਆ ਚੂਹਾ ਨਿਕਲਿਆ। ਇਹ ਦੋਸ਼ ਪਰਿਵਾਰ ਨੇ ਲਗਾਏ ਹਨ।
ਮੋਹਿਤ ਕੁਮਾਰ ਨਾਂ ਦੇ ਨੌਜਵਾਨ ਦੇ ਪਿਤਾ ਸੰਤੋਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਭੈਣ ਅਤੇ ਪੁੱਤਰ ਬਲਟਾਣਾ ਰਹਿੰਦੇ ਹਨ। ਉੱਥੇ ਉਸ ਦੀ ਭੈਣ ਔਰਤਾਂ ਦੇ ਕੱਪੜਿਆਂ ਦੀ ਦੁਕਾਨ ਚਲਾਉਂਦੀ ਹੈ ਅਤੇ ਬੇਟਾ ਉਸ ਦੇ ਨਾਲ ਬੈਠਦਾ ਹੈ। ਉਹ ਖੁਦ ਵਿਕਾਸ ਨਗਰ, ਮੌਲੀਜਾਗਰਣ ਵਿਚ ਰਹਿੰਦਾ ਹੈ। ਅੱਜ ਸਵੇਰੇ ਉਸ ਨੂੰ ਦਹੀਂ ਵਿਚ ਚੂਹਾ ਮਿਲਣ ਦੀ ਸੂਚਨਾ ਮਿਲੀ। ਇਸ ਦਹੀਂ ਦਾ ਸੇਵਨ ਕਰਨ ਨਾਲ ਬੇਟੇ ਨੂੰ ਬੁਖਾਰ ਹੋ ਗਿਆ ਅਤੇ ਉਸ ਨੂੰ ਗਲੇ 'ਚ ਵੀ ਖਾਰਸ਼ ਹੈ।
ਸੰਤੋਸ਼ ਅਨੁਸਾਰ ਉਸ ਨੇ ਦਹੀਂ ਦੇ ਪੈਕੇਟ 'ਤੇ ਦਿੱਤੇ ਨੰਬਰ 'ਤੇ ਕਈ ਕਾਲਾਂ ਕੀਤੀਆਂ ਪਰ ਜਵਾਬ ਨਹੀਂ ਮਿਲਿਆ। ਇਹ ਘਟਨਾ ਬਹੁਤ ਹੀ ਹੈਰਾਨ ਕਰਨ ਵਾਲੀ ਹੈ। ਸੰਤੋਸ਼ ਨੇ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਇਸ ਬੈਚ ਦਾ ਦਹੀਂ ਅੱਗੇ ਨਾ ਜਾਵੇ ਅਤੇ ਇਸ ਦੀ ਸਪਲਾਈ ਬੰਦ ਹੋ ਜਾਵੇ ਤਾਂ ਜੋ ਕੋਈ ਹੋਰ ਬਿਮਾਰ ਨਾ ਹੋਵੇ।
ਸੰਤੋਸ਼ ਨੇ ਦੱਸਿਆ ਕਿ ਉਸ ਦੇ ਲੜਕੇ ਨੇ ਬਲਟਾਣਾ ਤੋਂ ਹੀ ਦਹੀਂ ਦਾ ਪੈਕੇਟ ਖਰੀਦਿਆ ਸੀ। ਸ਼ਾਮ ਨੂੰ ਪੈਕੇਟ ਨੂੰ ਥੋੜਾ ਜਿਹਾ ਕੱਟ ਕੇ ਪੁੱਤਰ ਅਤੇ ਭੂਆ ਆਰਤੀ ਨੇ ਦਹੀਂ ਖਾਧਾ ਸੀ।
ਇਸ ਤੋਂ ਬਾਅਦ ਸਵੇਰੇ ਫਰਿੱਜ 'ਚ ਰੱਖੇ ਪੈਕਟ 'ਚੋਂ ਦਹੀਂ ਕੱਢਿਆ ਗਿਆ ਅਤੇ ਪੈਕਟ 'ਚੋਂ ਦਹੀਂ ਨਹੀਂ ਨਿਕਲਿਆ। ਉਨ੍ਹਾਂ ਨੇ ਸੋਚਿਆ ਕਿ ਦਹੀਂ ਜੰਮ ਗਿਆ ਹੋਵੇਗਾ, ਪਰ ਜਦੋਂ ਅੰਦਰ ਕੋਈ ਅਜੀਬ ਚੀਜ਼ ਮਹਿਸੂਸ ਹੋਈ ਤਾਂ ਪੈਕੇਟ ਨੂੰ ਕੱਟਣ ਤੋਂ ਬਾਅਦ ਉਸ ਵਿੱਚੋਂ ਇੱਕ ਮਰਿਆ ਹੋਇਆ ਚੂਹਾ ਨਿਕਲਿਆ। ਉਸ ਨੂੰ ਦੇਖ ਕੇ ਉਹ ਘਬਰਾ ਗਏ, ਕਿ ਉਹਨਾਂ ਨੇ ਚੂਹੇ ਵਾਲਾ ਦਹੀਂ ਖਾ ਲਿਆ।
ਉਧਰ ਵੇਰਕਾ ਦੇ ਜੀਐਮ ਰਾਜ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਉਨ੍ਹਾਂ ਦੀ ਮਾਰਕਟਿੰਗ ਅਤੇ ਪ੍ਰੋਡਕਸ਼ਨ ਸ਼ਾਖਾ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਦਹੀਂ ਦੀ ਥੈਲੀ ਵਿਚ ਚੂਹਾ ਹੋਣਾ ਸੰਭਵ ਨਹੀਂ ਹੈ। ਉਸ ਨੇ ਦੱਸਿਆ ਕਿ ਪੈਕੇਟ ਪਰਿਵਾਰ ਵੱਲੋਂ ਖੋਲ੍ਹ ਕੇ ਕਿਤੇ ਰੱਖਿਆ ਗਿਆ ਹੋ ਸਕਦਾ ਹੈ ਅਤੇ ਚੂਹਾ ਉਸ ਵਿਚ ਵੜ ਗਿਆ ਹੋ ਸਕਦਾ ਹੈ। ਉਨ੍ਹਾਂ ਦੇ ਪਲਾਂਟ ਵਿਚ ਪੂਰੀ ਸਫ਼ਾਈ ਰੱਖੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪਲਾਂਟ ਵਿਚ ਫਿਲਟਰ ਲੱਗੇ ਹੋਏ ਹਨ ਅਤੇ ਮੱਖੀਆਂ ਵੀ ਅੰਦਰ ਨਹੀਂ ਆ ਸਕਦੀਆਂ ਫਿਰ ਚੂਹਾ ਜਾਣਾ ਤਾਂ ਸੰਭਵ ਨਹੀਂ ਹੈ।