
ਬਹਿਬਲ ਮੋਰਚੇ ਦੇ 235ਵੇਂ ਦਿਨ ‘ਜਥੇਦਾਰ’ ਦੇ ਇਕ ਪਾਸੜ ਬਿਆਨ ਤੋਂ ਭੜਕੇ ਬਹਿਬਲ ਮੋਰਚੇ ਦੇ ਆਗੂ
ਬਾਦਲਾਂ ਅਤੇ ‘ਜਥੇਦਾਰਾਂ’ ’ਤੇ 16 ਅਗੱਸਤ ਦੇ ਇਕੱਠ ਨੂੰ ਤਾਰਪੀਡੋ ਕਰਨ ਦਾ ਦੋਸ਼
ਕੋਟਕਪੂਰਾ, 9 ਅਗੱਸਤ (ਗੁਰਿੰਦਰ ਸਿੰਘ): ਦੁਨੀਆਂ ਭਰ ਵਿਚ ਬੈਠੇ ਜਾਗਰੂਕ ਸਿੱਖ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਬੀਤੇ ਕਲ ਦਿਤੇ ਭਾਸ਼ਣ ਨੂੰ ਬਾਦਲ ਪ੍ਰਵਾਰ ਨੂੰ ਬਚਾਉਣ ਅਤੇ ਪੰਥਦਰਦੀਆਂ ਨੂੰ ਦੁਖੀ ਕਰਨ ਵਾਲਾ ਦਸ ਰਹੇ ਹਨ ਅਤੇ ਗਿਆਨੀ ਹਰਪ੍ਰੀਤ ਸਿੰਘ ਦੇ ਉਕਤ ਭਾਸ਼ਣ ਦੀ ਹਰ ਪਾਸੇ ਆਲੋਚਨਾ ਹੋ ਰਹੀ ਹੈ ਅਤੇ ਬੇਅਦਬੀ ਮਾਮਲਿਆਂ ਦੇ ਇਨਸਾਫ਼ ਲਈ ਲੱਗੇ ਬਹਿਬਲ ਮੋਰਚੇ ਦੇ 235ਵੇਂ ਦਿਨ ਵੀ ਲਗਭਗ ਸਾਰੇ ਬੁਲਾਰਿਆਂ ਦੀ ਸੁਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਦਾ ਜਵਾਬ ਦੇਣ ਵਲ ਕੇਂਦਰਿਤ ਰਹੀ।
‘ਸੁਖਰਾਜ ਸਿੰਘ ਨਿਆਮੀਵਾਲਾ’ ਨੇ ਆਖਿਆ ਕਿ ਉਹ ਅਪਣਾ ਘਰ ਬਾਰ ਛੱਡ ਕੇ ਅਤੇ ਸੁੱਖ ਆਰਾਮ ਤਿਆਗ ਕੇ ਪਿਛਲੇ 235 ਦਿਨਾਂ ਤੋਂ ਦਿਨ ਰਾਤ ਦੇ ਮੋਰਚੇ ’ਤੇ ਡਟਿਆ ਹੋਇਆ ਹੈ, ‘ਜਥੇਦਾਰ’ ਵਲੋਂ ਬੇਅਦਬੀ ਜਾਂ ਗੋਲੀਕਾਂਡ ਮਾਮਲਿਆਂ ਦੇ ਇਨਸਾਫ਼ ਲਈ ਇਕ ਵੀ ਬਿਆਨ ਦੇਣ ਦੀ ਬਜਾਏ ਬਾਦਲਾਂ ਨੂੰ ਬਚਾਉਣ, ਹਿੰਦ-ਪਾਕਿ ਵੰਡ ਦੀ ਚਰਚਾ ਕਰਨ, ਬਾਦਲ ਵਿਰੋਧੀਆਂ ਨੂੰ ਭੰਡਣ, ਪੰਥਦਰਦੀਆਂ ਨੂੰ ਪੰਥਵਿਰੋਧੀ ਦਰਸਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਉਨ੍ਹਾਂ ਸਵਾਲ ਕੀਤੇ ਕਿ ਜਦੋਂ ‘ਜਥੇਦਾਰ’ ਦੇ ਸਿਆਸੀ ਆਕਾਵਾਂ ਅਰਥਾਤ ਬਾਦਲਾਂ ਨੇ ਪੰਜਾਬ ਵਿਚ ਡੇਰਾਵਾਦ ਨੂੰ ਪ੍ਰਫੁੱਲਤ ਕੀਤਾ, ਖ਼ੁਦ ਈਸਾਈ ਧਰਮ ਫੈਲਾਉਣ ਵਿਚ ਮਦਦ ਕੀਤੀ ਤਾਂ ‘ਜਥੇਦਾਰ’ ਕਿਉਂ ਚੁੱਪ ਰਹੇ? ਇਸ ਜੀ.ਟੀ. ਰੋਡ ਤੋਂ ਲੰਘਣ ਮੌਕੇ ‘ਜਥੇਦਾਰ’ ਬਹਿਬਲ ਜਾਂ ਬਰਗਾੜੀ ਵਿਖੇ ਰੁਕਣ ਦੀ ਜ਼ਰੂਰਤ ਕਿਉਂ ਨਹੀਂ ਸਮਝਦੇ? ਸੌਦਾ ਸਾਧ ਜਾਂ ਉਨ੍ਹਾਂ ਦੇ ਪ੍ਰੇਮੀਆਂ ਦੀਆਂ ਕਰਤੂਤਾਂ ਵਿਰੁਧ ‘ਜਥੇਦਾਰ’ ਇਕ ਵੀ ਬਿਆਨ ਜਾਰੀ ਕਿਉਂ ਨਹੀਂ ਕਰਦੇ? ਅੱਜ ਤਕ ‘ਜਥੇਦਾਰਾਂ’ ਨੇ ਬੇਅਦਬੀ ਕਾਂਡ ਦੇ ਮੁੱਦੇ ’ਤੇ ਇਕ ਵੀ ਬਿਆਨ ਜਾਰੀ ਕਰਨ ਦੀ ਜ਼ਰੂਰਤ ਕਿਉਂ ਨਾ ਸਮਝੀ? ਮੋਦੀ ਦੇ ਘਰ ਘਰ ਤਿਰੰਗਾ ਲਾਉਣ ਦੇ ਬਰਾਬਰ ਘਰ ਘਰ ਖ਼ਾਲਸਾਈ ਝੰਡਾ ਝੁਲਾਉਣ ਦੇ ਮੁੱਦੇ ’ਤੇ ‘ਜਥੇਦਾਰਾਂ’ ਦੀ ਜੁਬਾਨ ਬੰਦ ਕਿਉਂ? 328 ਲਾਪਤਾ ਕੀਤੇ ਪਾਵਨ ਸਰੂਪਾਂ ਦੇ ਮੁੱਦੇ ’ਤੇ ਜਥੇਦਾਰ ਕਿਉਂ ਨਹੀਂ ਬੋਲਦੇ?
ਸੁਖਰਾਜ ਸਿੰਘ ਨਿਆਮੀਵਾਲਾ ਨੇ ਦੋਸ਼ ਲਾਇਆ ਕਿ ਤਖ਼ਤਾਂ ਦੇ ਜਥੇਦਾਰ ਅਤੇ ਬਾਦਲ ਲਾਣਾ ਬਹਿਬਲ ਮੋਰਚੇ ਦੇ 16 ਅਗੱਸਤ ਦੇ ਇਕੱਠ ਨੂੰ ਤਾਰਪੀਡੋ ਕਰਨ ਲਈ ਸਾਜ਼ਸ਼ਾਂ ਰਚ ਰਿਹਾ ਹੈ। ਉਨ੍ਹਾਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ 16
ਅਗੱਸਤ ਦੇ ਇਕੱਠ ਨੂੰ ਪੰਥ ਬਨਾਮ ਸਰਕਾਰ ਅਤੇ ਪੰਥ ਬਨਾਮ ਸਿਸਟਮ ਦੇ ਤੌਰ ’ਤੇ ਮਹਿਸੂਸ ਕਰਨ। ਸੁਖਰਾਜ ਸਿੰਘ ਨਿਆਮੀਵਾਲਾ ਦੀਆਂ ਵਿਚਾਰਾਂ ਪ੍ਰਤੀ ਸਹਿਮਤੀ ਪ੍ਰਗਟਾਉਂਦਿਆਂ ਲਖਬੀਰ ਸਿੰਘ ਮਹਾਲਮ, ਮਲਕੀਤ ਸਿੰਘ, ਹਿੰਮਤ ਸਿੰਘ ਖਾਲਸਾ, ਦਿਲਬਾਗ ਸਿੰਘ ਬਾਬਾ, ਰਸਾਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।