
ਪਾਕਿ ਦੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ 'ਚ ਆਤਮਘਾਤੀ ਬੰਬ ਹਮਲਾ, ਚਾਰ ਫ਼ੌਜੀਆਂ ਦੀ ਮੌਤ
ਇਸਲਾਮਾਬਾਦ, 9 ਅਗੱਸਤ : ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ 'ਚ ਹੋਏ ਆਤਮਘਾਤੀ ਹਮਲੇ 'ਚ ਘੱਟੋ-ਘੱਟ ਚਾਰ ਫ਼ੌਜੀਆਂ ਦੀ ਮੌਤ ਹੋ ਗਈ ਹੈ ਤੇ 7 ਹੋਰ ਜ਼ਖ਼ਮੀ ਹੋ ਗਏ ਹਨ | ਫ਼ੌਜ ਦੀ ਮੀਡੀਆ ਮਾਮਲਿਆਂ ਦੀ ਬ੍ਰਾਂਚ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ | ਇੰਟਰ-ਸਰਵਿਸ ਪਬਲਿਕ ਰਿਲੇਸ਼ਨਸ ਪਾਕਿਸਤਾਨ (ਆਈ. ਐਸ. ਪੀ. ਆਰ.) ਨੇ ਕਿਹਾ ਕਿ ਜ਼ਿਲੇ ਦੇ ਮੀਰ ਅਲੀ ਤਹਿਸੀਲ ਇਲਾਕੇ 'ਚ ਪੱਟਾਸੀ ਜਾਂਚ ਚੌਂਕੀ ਦੇ ਨੇੜੇ ਇਕ ਥ੍ਰੀ-ਵ੍ਹੀਲਰ ਨੇ ਸੁਰੱਖਿਆ ਬਲਾਂ ਦੇ ਵਾਹਨ ਨੂੰ ਟੱਕਰ ਮਾਰ ਦਿਤੀ, ਜਿਸ ਤੋਂ ਬਾਅਦ ਹੋਏ ਧਮਾਕੇ 'ਚ ਚਾਰ ਫ਼ੌਜੀਆਂ ਦੀ ਮੌਤ ਹੋ ਗਈ ਤੇ 7 ਜ਼ਖ਼ਮੀ ਹੋ ਗਏ |
ਆਈ. ਐਸ. ਪੀ. ਆਰ. ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ 7 ਜ਼ਖ਼ਮੀਆਂ 'ਚੋਂ ਤਿੰਨ ਸਿਪਾਹੀ, ਦੋ ਨਾਇਕ ਰੈਂਕ ਦੇ ਫ਼ੌਜੀ ਤੇ ਦੋ ਆਮ ਲੋਕ ਸ਼ਾਮਲ ਹਨ | ਪ੍ਰਧਾਨਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਆਤਮਘਾਤੀ ਹਮਲੇ 'ਚ ਹੋਈਆਂ ਮੌਤਾਂ 'ਤੇ ਸੋਗ ਪ੍ਰਗਟਾਇਆ ਤੇ ਅਤਿਵਾਦ ਨੂੰ ਜੜ੍ਹੋਂ ਪੁੱਟ ਸੁੱਟਣ ਦੇ ਦੇਸ਼ ਦੇ ਦਿ੍ੜ੍ਹ ਸੰਕਲਪ ਨੂੰ ਦੋਹਰਾਇਆ | ਉਨ੍ਹਾਂ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਅਤਿਵਾਦੀਆਂ ਦੇ ਨਾਪਾਕ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿਤਾ ਜਾਵੇਗਾ | (ਏਜੰਸੀ)