
ਗੋਲੀਆਂ ਚਲਾਉਣ ਦੀ ਘਟਨਾ ਸੀਸੀਟੀਵੀ ਵਿਚ ਹੋਈ ਕੈਦ
Unidentified persons fired shots at the house of social worker and YouTuber Sam from Hoshiarpur : ਹੁਸ਼ਿਆਰਪੁਰ ਦੇ ਮਾਡਲ ਟਾਊਨ ’ਚ ਰਹਿੰਦੇ ਸਮਾਜ ਸੇਵੀ ਤੇ ਯੂਟਿਊਬਰ ਸੈਮ ਦੇ ਘਰ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸੀਸੀਟੀਵੀ ’ਚ ਕੈਦ ਹੋਈ ਘਟਨਾ ਅਨੁਸਾਰ ਦੋ ਨਕਾਬਪੋਸ਼ ਮੋਟਰ ਸਾਈਕਲ ’ਤੇ ਆਉਂਦੇ ਹਨ ਸੈਮ ਹੁਸ਼ਿਆਰਪੁਰੀ ਦੇ ਘਰ ’ਤੇ ਦੋ ਫਾਇਰ ਕਰਕੇ ਫਰਾਰ ਹੋ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਯੂਟਿਊਬਰ ਸੈਮ ਨੂੰ ਪਹਿਲਾਂ ਵੀ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਵੱਲੋਂ ਧਮਕੀ ਦਿੱਤੀ ਗਈ ਸੀ, ਕਿ ਜਲੰਧਰ ਦੀ ਤਰ੍ਹਾਂ ਉਸਦੇ ਘਰ ’ਤੇ ਵੀ ਗਰਨੇਡ ਹਮਲਾ ਕੀਤਾ ਜਾਵੇਗਾ। ਜਿਸ ਦੇ ਮੱਦੇਨਜ਼ਰ ਹੁਸ਼ਿਆਰਪੁਰ ਪੁਲਿਸ ਵੱਲੋਂ ਸੈਮ ਨੂੰ ਦੋ ਗਨਮੈਨ ਵੀ ਮੁਹੱਈਆ ਕਰਵਾਏ ਗਏ ਹਨ।
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸੈਮ ਨੇ ਦੱਸਿਆ ਕੀ ਉਹ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਦਾ ਕੰਮ ਕਰਦਾ ਆ ਰਿਹਾ ਹੈ। ਜਦੋਂ ਬੀਤੀ ਰਾਤ ਉਹ ਆਪਣੇ ਘਰ ਮਾਡਲ ਟਾਊਨ ਵਿਖੇ ਸੁੱਤਾ ਪਿਆ ਸੀ ਤਾਂ ਪੌਣੇ 1 ਵਜੇ ਦੇ ਕਰੀਬ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਹਨ ਅਤੇ ਉਨ੍ਹਾਂ ਦੇ ਗੇਟ ਦੇ ’ਤੇ ਦੋ ਫਾਇਰ ਕਰਦੇ ਹਨ। ਜਿਸ ਤੋਂ ਬਾਅਦ ਉਹਨਾਂ ਦੀ ਅੱਖ ਖੁੱਲ੍ਹੀ ਅਤੇ ਜਦੋਂ ਉਨ੍ਹਾਂ ਬਾਹਰ ਆ ਕੇ ਦੇਖਿਆ ਤਾਂ ਬਾਹਰ ਗੋਲੀਆਂ ਦੋ ਖੋਲ ਪਏ ਸਨ।
ਇਸ ਤੋਂ ਬਾਅਦ ਉਨ੍ਹਾਂ ਪੁਲਿਸ ਨੂੰ ਇਤਲਾਹ ਕੀਤੀ ਅਤੇ ਮਾਡਲ ਟਾਊਨ ਪੁਲਿਸ ਨੇ ਮੌਕੇ ’ਤੇ ਆ ਕੇ ਖੋਲ ਆਪਣੇ ਕਬਜ਼ੇ ਵਿੱਚ ਲੈ ਕੇ ਸੀਸੀਟੀਵੀ ਦੇ ਅਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਹੈ। ਸੈਮ ਨੇ ਅੱਗੇ ਕਿਹਾ ਕਿ ਬੇਸ਼ੱਕ ਪੁਲਿਸ ਵੱਲੋਂ ਉਨ੍ਹਾਂ ਨੂੰ ਦੋ ਗੰਨਮੈਨ ਦਿੱਤੇ ਗਏ ਹਨ, ਪਰ ਉਨ੍ਹਾਂ ’ਚੋਂ ਇਕ ਪੁਲਿਸ ਮੁਲਾਜ਼ਮ ਦੀ ਲੱਤ ਖਰਾਬ ਹੈ, ਜਿਸ ਕਰਕੇ ਉਹ ਸਹੀ ਤਰੀਕੇ ਨਾਲ ਆਪਣੀ ਡਿਊਟੀ ਨਹੀਂ ਕਰ ਸਕਦਾ। ਸੈਮ ਨੇ ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਕੋਲੋਂ ਮੰਗ ਕੀਤੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਫਿੱਟ ਗੰਨਮੈਨ ਮੁਹੱਈਆ ਕਰਵਾਏ ਜਾਣ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।