
ਹਰਸਿਮਰਤ ਕੌਰ ਬਾਦਲ ਆਨੰਦਪੁਰ ਸਾਹਿਬ ਦੇ ਮਤੇ ਅਤੇ ਅਕਾਲੀ ਦਲ ਦੇ ਸੰਘੀ ਢਾਂਚੇ ਬਾਰੇ ਆਪਣਾ ਸਟੈਂਡ ਸਪੱਸਟ ਕਰੇ : ਸੁਖਜਿੰਦਰ ਸਿੰਘ ਰੰਧਾਵਾ
ਚੰਡੀਗੜ੍ਹ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਧਾਰਾ 370 ਤੇ 35 ਏ ਖਤਮ ਕਰਨ ਨੂੰ ਪ੍ਰਾਪਤੀ ਦੱਸਣ ਦੇ ਦਿੱਤੇ ਬਿਆਨ ਨੂੰ ਕਰੜੇ ਹੱਥੀ ਲੈਂਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਕਾਲੀ ਮੰਤਰੀ ਨੂੰ ਇਸ ਬਦਲੇ ਸਮੁੱਚੇ ਪੰਜਾਬੀਆਂ ਕੋਲੋਂ ਮਾਫ਼ੀ ਮੰਗਣੀ ਚਾਹੀਦੀ ਹੈ।
Sukhjinder Singh Randhawa
ਰੰਧਾਵਾ ਨੇ ਕਿਹਾ ਕਿ ਸਾਰੀ ਉਮਰ ਸੰਘੀ ਢਾਂਚੇ ਦੇ ਨਾਮ ਉਤੇ ਰੋਟੀਆਂ ਸੇਕਣ ਵਾਲੇ ਅਕਾਲੀ ਦਲ ਦੇ ਇਤਿਹਾਸ ਦਾ ਕਾਲਾ ਦਿਨ ਸੀ ਜਦੋਂ ਅਕਾਲੀ ਦਲ ਉਤੇ ਪੂਰੀ ਤਰ੍ਹਾਂ ਕਾਬਜ਼ ਬਾਦਲ ਪਰਵਾਰ ਦੀ ਨੂੰਹ ਨੇ ਮੋਦੀ ਸਰਕਾਰ ਦੇ 100 ਦਿਨਾਂ ਦੀਆਂ ਪ੍ਰਾਪਤੀਆਂ ਗਿਣਾਉਂਦਿਆ ਜੰਮੂ ਕਸਮੀਰ ਵਿਚ ਧਾਰਾ 370 ਤੇ 35 ਏ ਖਤਮ ਕਰਨ ਨੂੰ ਆਪਣੀ ਸਰਕਾਰ ਦੀ ਪ੍ਰਾਪਤੀ ਦੱਸੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਤਾਂ ਹੁਣ ਇਹ ਵੀ ਸੱਕ ਹੀ ਨਹੀਂ ਸਗੋਂ ਪੂਰਾ ਯਕੀਨ ਹੀ ਹੋ ਗਿਆ ਹੈ ਕਿ ਹਰਸਿਮਰਤ ਬਾਦਲ ਨੂੰ ਅਕਾਲੀ ਦਲ ਦੇ 1967 ਦੇ ਮੈਨੀਫੈਸਟੋ, ਬਟਾਲਾ ਕਾਨਫਰੰਸ ਅਤੇ 1973 ਦੇ ਆਨੰਦਪੁਰ ਸਾਹਿਬ ਦੇ ਮਤੇ ਬਾਰੇ ਉੱਕੀ ਹੀ ਜਾਣਕਾਰੀ ਨਹੀਂ ਹੋਣੀ।
Harsimrat Kaur Badal
ਕਾਂਗਰਸੀ ਆਗੂ ਨੇ ਹਰਸਿਮਰਤ ਕੌਰ ਬਾਦਲ ਨੂੰ ਸਵਾਲ ਕਰਦਿਆਂ ਕਿਹਾ ਕਿ ਉਹ ਆਨੰਦਪੁਰ ਸਾਹਿਬ ਦੇ ਮਤੇ ਅਤੇ ਅਕਾਲੀ ਦਲ ਦੇ ਸੰਘੀ ਢਾਂਚੇ ਬਾਰੇ ਆਪਣਾ ਸਟੈਂਡ ਸਪੱਸਟ ਕਰੇ। ਉਨ੍ਹਾਂ ਇਸ ਮੁੱਦੇ ਉਤੇ ਅਕਾਲੀ ਦਲ ਦੇ ਸੁਪਰੀਮੋ ਪਰਕਾਸ ਸਿੰਘ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਆਪਣਾ ਪੱਖ ਦੱਸਣ ਲਈ ਕਿਹਾ ਹੈ ਕਿ ਉਹ ਹਾਲੇ ਵੀ ਪੰਜਾਬ ਲਈ ਧਾਰਾ 370 ਦੀ ਮੰਗ ਅਤੇ ਦੇਸ ਦੇ ਸੰਘੀ ਢਾਂਚੇ ਨੂੰ ਮਜਬੂਤ ਕਰਨ ਦੀ ਵਕਾਲਤ ਕਰਦੇ ਹਨ ਜਾਂ ਹਰਸਿਮਰਤ ਬਾਦਲ ਦੇ ਬਿਆਨ ਦੀ ਪ੍ਰੋੜਤਾ ਕਰਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕੋਲੋਂ ਪੂਰਾ ਪੰਜਾਬ ਇਸ ਮਾਮਲੇ ਉਤੇ ਸਪੱਸਟੀਕਰਨ ਮੰਗਦਾ ਹੈ।
Article 370
ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਨੇ 1967 ਵਿੱਚ ਆਪਣੇ ਮੈਨੀਫੈਸਟੋ ਵਿੱਚ ਪੰਜਾਬ ਲਈ ਧਾਰਾ 370 ਦੀ ਮੰਗ ਕੀਤੀ ਸੀ ਅਤੇ ਆਨੰਦਪੁਰ ਸਾਹਿਬ ਦੇ ਮਤੇ ਵਿੱਚ ਸੂਬਿਆਂ ਲਈ ਵੱਧ ਅਧਿਕਾਰ ਮੰਗੇ ਸਨ। ਅਕਾਲੀ ਦਲ ਨੇ ਸਾਰੀ ਉਮਰ ਸੰਘੀ ਢਾਂਚੇ ਦੀ ਵਕਾਲਤ ਦੇ ਨਾਮ ਉਤੇ ਰੋਟੀਆਂ ਸੇਕੀਆਂ ਅਤੇ ਹੁਣ ਬਾਦਲ ਪਰਿਵਾਰ ਦੀ ਨੂੰਹ ਆਪਣੀ ਵਜੀਰੀ ਖਾਤਰ ਸੰਘੀ ਢਾਂਚੇ ਦੀ ਸੰਘੀ ਘੁੱਟ ਰਹੀ ਮੋਦੀ ਸਰਕਾਰ ਦੇ ਸੋਹਲੇ ਗਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਟਕਸਾਲੀ ਅਕਾਲੀਆਂ ਦੀ ਵੀ ਰੂਹ ਵੀ ਰੋ ਰਹੀ ਹੋਵੇਗੀ ਕਿ ਜਿਸ ਬਾਦਲ ਪਰਿਵਾਰ ਨੇ ਅਕਾਲੀ ਦਲ ਦੇ ਸਿਰ ਉਤੇ ਆਪਣੀ ਸਲਤਨਤ ਖੜੀ ਕੀਤੀ ਹੈ ਉਸੇ ਪਰਿਵਾਰ ਦੀ ਮੈਂਬਰ ਸਰੇਆਮ ਪ੍ਰੈਸ ਕਾਨਫ਼ਰੰਸ ਕਰ ਕੇ ਅਕਾਲੀ ਦਲ ਦੇ ਸਿਧਾਂਤਾਂ ਨੂੰ ਨਾ ਸਿਰਫ ਤਿਲਾਂਜਲੀ ਦੇ ਰਹੀ ਹੈ ਸਗੋਂ ਹੁੱਬ ਹੁੱਬ ਕੇ ਆਪਣੀਆਂ ਪ੍ਰਾਪਤੀਆਂ ਦੱਸ ਰਹੀ ਹੈ।