
ਇਸੀ ਮੁੱਦੇ ’ਤੇ ਅੱਜ ਇਥੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਾਰਾ ਕੁੱਝ ਆਪ..
ਚੰਡੀਗੜ੍ਹ(ਐਸ.ਐਸ. ਬਰਾੜ): ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਾਰੀਆਂ ਧਿਰਾਂ ਵਲੋਂ ਮਿਲ ਕੇ ਇਕੱਠੇ ਮਨਾਉਣ ਦੀਆਂ ਸੰਭਾਵਨਾਵਾਂ ਲਗਭਗ ਖ਼ਤਮ ਲਗਦੀਆਂ ਹਨ। ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪਹਿਲਾਂ ਤੋਂ ਹੀ ਵੱਖ-ਵੱਖ ਰਸਤੇ ਅਪਣਾ ਕੇ ਵਖਰੇ ਪ੍ਰਬੰਧਾਂ ਦੀਆਂ ਤਿਆਰੀਆਂ ਵਿਚ ਲੱਗੇ ਹੋਏ ਹਨ। ਪਿਛਲੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਿਆਨ ਦੇਣ ਨਾਲ ਸਥਿਤੀ ਸਪਸ਼ਟ ਹੋ ਗਈ ਹੈ। ਇਸੀ ਮੁੱਦੇ ’ਤੇ ਅੱਜ ਇਥੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਾਰਾ ਕੁੱਝ ਆਪ ਹੀ ਸੰਭਾਲਣਾ ਚਾਹੁੰਦੀ ਹੈ।
SGPC
ਪੰਜਾਬ ਸਰਕਾਰ ਨੂੰ ਕੋਈ ਅਹਿਮੀਅਤ ਹੀ ਨਹੀਂ ਦਿਤੀ ਜਾ ਰਹੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਸਪੱਸ਼ਟ ਕਰ ਦਿਤਾ ਗਿਆ ਸੀ ਕਿ ਗੁਰਦਵਾਰੇ ਦੇ ਅੰਦਰ ਦੀ ਸਾਰੀ ਭੂਮਿਕਾ ਕਮੇਟੀ ਨਿਭਾਏਗੀ ਅਤੇ ਬਾਹਰ ਦੇ ਸਾਰੇ ਪ੍ਰਬੰਧ ਅਤੇ ਪ੍ਰੋਗਰਾਮ ਸਰਕਾਰ ਕਰੇਗੀ। ਬਾਹਰ ਕੀਤੇ ਜਾਣ ਵਾਲੇ ਸਮਾਗਮ ਵਿਚ ਸਾਰਿਆਂ ਨੂੰ ਹੀ ਬੁਲਾਇਆ ਜਾਣਾ ਹੈ ਪ੍ਰੰਤੂ ਸ਼੍ਰੋਮਣੀ ਕਮੇਟੀ ਬਾਹਰ ਅਤੇ ਅੰਦਰ ਦੇ ਸਾਰੇ ਪ੍ਰਬੰਧਾਂ ਨੂੰ ਆਪ ਹੀ ਕਰਨਾ ਚਾਹੁੰਦੀ ਹੈ। ਇਥੋਂ ਤਕ ਕਿ ਮੁੱਖ ਸਮਾਗਮ ਦਾ ਸਟੇਜ ਸਕੱਤਰ ਵੀ ਉਹ ਅਪਣਾ ਹੀ ਲਗਾਉਣਾ ਚਾਹੁੰਦੇ ਹਨ।
Captain Amrinder Singh
ਜੇਕਰ ਸਰਕਾਰ ਨੇ ਇੰਨਾ ਪੈਸਾ ਖ਼ਰਚ ਕਰਨਾ ਹੈ ਅਤੇ ਪ੍ਰਬੰਧਾਂ ਵਿਚ ਉਸ ਦੀ ਕੋਈ ਭੂਮਿਕਾ ਹੀ ਨਾ ਰਹੇ, ਇਹ ਠੀਕ ਨਹੀਂ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਅੱਗੇ ਕੀ ਕਰਨਾ ਹੈ, ਇਸ ਦਾ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਕਰਨਗੇ। ਉਨ੍ਹਾਂ ਕਿਹਾ ਕਿ ਅਸਲ ਵਿਚ ਸ਼੍ਰੋਮਣੀ ਕਮੇਟੀ ਆਰੰਭ ਤੋਂ ਹੀ ਵਖਰੇ ਸਮਾਗਮ ਕਰਨ ਦਾ ਰੁਖ਼ ਅਪਣਾ ਚੁਕੀ ਹੈ। ਪ੍ਰਕਾਸ਼ ਪੁਰਬ ਦੇ ਸਮਾਗਮਾਂ ਲਈ ਪ੍ਰਧਾਨ ਮੰਤਰੀ ਨੂੰ ਸੱਦਾ ਪੱਤਰ ਦੇਣ ਲਈ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਨੇਤਾ ਗਏ।
Parkash Singh Badal & Sukhbir Singh Badal
ਸਰਕਾਰ ਵਲੋਂ ਬਣਾਈ ਕਮੇਟੀ ਨਾਲ ਕੋਈ ਗੱਲ ਤਕ ਨਾ ਕੀਤੀ। ਰੰਧਾਵਾ ਦਾ ਕਹਿਣਾ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਆਦੇਸ਼ਾਂ ਨੂੰ ਤਾਂ ਐਸ.ਜੀ.ਪੀ.ਸੀ. ਦਰਕਿਨਾਰ ਕਰ ਰਹੀ ਹੈ। ਜਦ ਉਨ੍ਹਾਂ ਨੂੰ ਪੁਛਿਆ ਗਿਆ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਅਕਾਲ ਤਖ਼ਤ ਸਾਹਿਬ ਦੀ ਅਹਿਮੀਅਤ ਨੂੰ ਘਟਾਉਣਾ ਚਾਹੁੰਦੀ ਹੈ। ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਨਹੀਂ ਬਲਕਿ ਬਾਦਲ ਪਰਵਾਰ ਅਕਾਲ ਤਖ਼ਤ ਦੀ ਅਹਿਮੀਅਤ ਨੂੰ ਖੋਰਾ ਲਗਾ ਰਿਹਾ ਹੈ।
Shiromani Akali Dal
ਇਸ ਮੁੱਦੇ ’ਤੇ ਪਿਛਲੇ ਦਿਨ ਜਦ ਅਕਾਲੀ ਦਲ ਦੇ ਇਕ ਸੀਨੀਅਰ ਆਗੂ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਐਸ.ਜੀ.ਪੀ.ਸੀ. ਹਮੇਸ਼ਾ ਹੀ ਸ਼ਤਾਬਦੀਆਂ ਮਨਾਉਂਦੀ ਆ ਰਹੀ ਹੈ। ਸਰਕਾਰਾਂ ਤਾਂ ਉਸ ਦੀ ਸਹਾਇਤਾ ਕਰਦੀਆਂ ਸਨ। ਉਨ੍ਹਾਂ ਕਿਹਾ ਕਿ ਧਾਰਮਕ ਸਮਾਗਮ ਕਰਨਾ ਅਤੇ ਧਾਰਮਕ ਸ਼ਤਾਬਦੀਆਂ ਮਨਾਉਣਾ ਐਸ.ਜੀ.ਪੀ.ਸੀ. ਦਾ ਅਧਿਕਾਰ ਹੈ। ਇਹ ਕੰਮ ਸਰਕਾਰਾਂ ਦਾ ਨਹੀਂ। ਉਨ੍ਹਾਂ ਕਿਹਾ ਕਿ ਐਸ.ਜੀ.ਪੀ.ਸੀ. ਜਾਂ ਅਕਾਲੀ ਦਲ, ਕਾਂਗਰਸ ਦੀ ਸਟੇਜ ’ਤੇ ਨਹੀਂ ਜਾ ਸਕਦਾ। ਐਸ.ਜੀ.ਪੀ.ਸੀ.ਨੇ ਮੁੱਖ ਸਮਾਗਮ ਲਈ ਸਾਰੀਆਂ ਪਾਰਟੀਆਂ ਦੇ ਆਗੂਆਂ, ਪ੍ਰਧਾਨ ਮੰਤਰੀ ਅਤੇ ਹੋਰ ਅਹਿਮ ਸ਼ਖ਼ਸੀਅਤਾਂ ਨੂੰ ਇਸ ਸਮਾਗਮ ਵਿਚ ਹਿੱਸਾ ਲੈਣ ਲਈ ਖੁਲ੍ਹਾ ਸੱਦਾ ਦੇਣਾ ਹੈ।
ਅਕਾਲ ਤਖ਼ਤ ਦੀਆਂ ਹਦਾਇਤਾਂ ਨੂੰ ਮੁੱਖ ਰਖਦਿਆਂ ਇਹ ਸਾਰਿਆਂ ਦਾ ਸਾਂਝਾ ਸਮਾਗਮ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਦਿਨਾਂ ਵਿਚ ਦੋ ਵਾਰ ਤਾਲਮੇਲ ਕਮੇਟੀ ਦੀਆਂ ਮੀਟਿੰਗਾਂ ਹੋਈਆਂ ਪ੍ਰੰਤੂ ਸਰਕਾਰ ਨੇ ਦੋਹਾਂ ਮੀਟਿੰਗਾਂ ਵਿਚ ਅਪਣਾ ਨੁਮਾਇੰਦਾ ਨਹੀਂ ਭੇਜਿਆ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਪੰਜਾਬ ਸਰਕਾਰ ਸਾਂਝੇ ਸਮਾਗਮ ਲਈ ਸਹਿਮਤ ਨਹੀਂ ਹੁੰਦੀ ਤਾਂ ਐਸ.ਜੀ.ਪੀ.ਸੀ. ਅਪਣੇ ਵਖਰੇ ਸਮਾਗਮ ਦਾ ਪ੍ਰਬੰਧ ਕਰੇਗੀ
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।