
ਹਰਦੀਪ ਸਿੰਘ ਨਿੱਜਰ ਦੇ ਪਿੰਡ ਭਾਰ ਸਿੰਘ ਪੁਰ ਨੂੰ ਜਾਂਦੇ ਸ਼ਿਵ ਸੈਨਾ ਆਗੂ ਪੁਲਿਸ ਨੇ ਕੀਤੇ ਕਾਬੂ
ਗੁਰਪਤਵੰਤ ਸਿੰਘ ਪੰਨੂੰ ਦਾ ਸਿਰ ਕਲਮ ਕਰਨ 'ਤੇ ਹਿੰਦੂ ਪੰਚਾਇਤ ਨੇ ਰਖਿਆ 1 ਲੱਖ ਡਾਲਰ ਦਾ ਇਨਾਮ : ਰਾਜੀਵ ਟੰਡਨ
ਫਿਲੌਰ, 9 ਸਤੰਬਰ (ਸੁਰਜੀਤ ਸਿੰਘ ਬਰਨਾਲਾ) : ਕੇਂਦਰ ਸਰਕਾਰ ਦੀ ਐਨ.ਆਈ.ਏ. ਦੇ ਐਲਾਨ ਗੁਰਪਤਵੰਤ ਸਿੰਘ ਪੰਨੂੰ ਮੈਂਬਰ ਸਿੱਖਜ ਫ਼ਾਰ ਜਸਟਿਸ ਅਤੇ ਹਰਦੀਪ ਸਿੰਘ ਨਿੱਜਰ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੁਖੀ ਦੀ ਜਾਇਦਾਦ ਕੁਰਕ ਕਰੇਗੀ। ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਸ਼ਿਵ ਸੈਨਾ ਦੇ ਵੱਡੇ-ਵੱਡੇ ਆਗੂਆਂ ਦੇ ਨਿਸ਼ਾਨੇ 'ਤੇ ਗੁਰਪਤਵੰਤ ਸਿੰਘ ਪੰਨੂੰ ਅਤੇ ਹਰਦੀਪ ਸਿੰਘ ਨਿੱਜਰ ਹਨ। ਅੱਜ ਸ਼ਿਵ ਸੈਨਾ ਪੰਜਾਬ ਦੇ ਸੂਬਾ ਚੇਅਰਮੈਨ ਰਾਜੀਵ ਟੰਡਨ ਅਪਣੇ ਸਾਥੀਆਂ ਸਮੇਤ ਹਰਦੀਪ ਸਿੰਘ ਨਿੱਜਰ ਦੇ ਪਿੰਡ ਭਾਰ ਸਿੰਘ ਪੁਰਾ ਤਹਿਸੀਲ ਫਿਲੌਰ ਵਲ ਕੂਚ ਕੀਤਾ। ਜਿਥੇ ਫਿਲੌਰ ਪੁਲਿਸ ਨੇ ਰਾਜੀਵ ਟੰਡਨ ਅਤੇ ਉਸ ਦੇ ਸਾਥੀਆਂ ਨੂੰ ਲੈ ਕੇ ਡੀ.ਐਸ.ਪੀ ਦਫ਼ਤਰ ਵਿਖੇ ਅਤੇ ਫਿਰ ਥਾਣਾ ਫਿਲੌਰ ਵਿਖੇ ਲੈ ਗਈ। ਜਿਥੇ ਚੇਅਰਮੈਨ ਰਾਜੀਵ ਟੰਡਨ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਉਹ ਹਰਦੀਪ ਸਿੰਘ ਨਿੱਜਰ ਦੇ ਪਿੰਡ ਭਾਰ ਸਿੰਘ ਪੁਰ ਵਿਖੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦਾ ਧਨਵਾਦ ਕਰਨ ਲਈ ਜਾ ਰਹੇ ਸਨ ਕਿ ਉਨ੍ਹਾਂ ਨੇ ਅਤਿਵਾਦੀ ਗਤੀਵਿਧੀਆਂ 'ਚ ਸ਼ਾਮਲ ਹਰਦੀਪ ਸਿੰਘ ਨਿੱਜਰ ਦੀ ਜਾਇਦਾਦ ਨੂੰ ਕੁਰਕ ਕਰਨ ਦੇ ਆਦੇਸ਼ ਦਿਤੇ ਹਨ। ਉਨ੍ਹਾਂ ਕਿਹਾ ਕਿ ਗੁਰਪਤਵੰਤ ਸਿੰਘ ਪੰਨੂੰ ਅਤੇ ਹਰਦੀਪ ਸਿੰਘ ਨਿੱਜਰ ਵਿਦੇਸ਼ਾਂ 'ਚ ਬੈਠ ਕੇ ਪੰਜਾਬ ਦੇ ਨੌਜਵਾਨਾਂ ਨੂੰ 2500 ਡਾਲਰ ਦੇ ਕੇ ਖ਼ਾਲਿਸਤਾਨ ਦਾ ਝੰਡਾ ਲਹਿਰਾਉਣ ਲਈ ਉਕਸਾ ਰਹੇ ਹਨ। ਉਨ੍ਹਾਂ ਕਿਹਾ ਕਿ ਅਗਰ ਇਨ੍ਹਾਂ 'ਚ ਹਿੰਮਤ ਹੈ ਤਾਂ ਪੰਜਾਬ ਚ ਆ ਕੇ ਆਪ ਇਹ ਕੰਮ ਕਰਨ ਨਾ ਕਿ ਪੰਜਾਬ ਦੇ ਨੌਜਵਾਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕਰਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿਚ ਹਿੰਦੂ ਸਿੱਖ ਏਕਤਾ ਚਾਹੁੰਦੇ ਹਨ ਕਿ ਸਾਡਾ ਪੰਜਾਬ ਖ਼ੁਸ਼ਹਾਲ ਹੋਵੇ। ਉਨ੍ਹਾਂ ਵਿਦੇਸ਼ਾਂ 'ਚ ਬੈਠੇ ਅਤੇ ਪੰਜਾਬ ਵਿਚ ਰਹਿ ਰਹੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੇ ਵਿਅਕਤੀਆਂ ਪਿੱਛੇ ਨਾ ਲੱਗਣ ਅਤੇ ਉਨ੍ਹਾਂ ਦੀ ਮਦਦ ਕਰਨ ਜੋ ਰੋਟੀ ਰੋਜ਼ੀ ਤੋਂ ਬੇਰੁਜ਼ਗਾਰ ਹਨ। ਉਨ੍ਹਾਂ ਕਿਹਾ ਕਿ ਹਿੰਦੂ ਪੰਚਾਇਤ ਵਲੋਂ ਪਹਿਲਾਂ ਹੀ ਗੁਰਪਤਵੰਤ ਸਿੰਘ ਪੰਨੂੰ ਦਾ ਸਿਰ ਕਲਮ ਕਰਨ ਵਾਲੇ ਨੂੰ ਇਕ ਲੱਖ ਡਾਲਰ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੇ ਜੋ ਚੰਗਾ ਕੰਮ ਕੀਤਾ ਹੈ ਉਸ ਦੀ ਸ਼ਲਾਘਾ ਕਰਦੇ ਹਾਂ। ਇਸ ਮੌਕੇ ਉਨ੍ਹਾਂ ਨਾਲ ਸੁਨੀਲ ਥਾਪਰ ਚੇਅਰਮੈਨ ਪੰਜਾਬ ਸ਼ਿਵ ਸੈਨਾ, ਪ੍ਰਿੰਸ, ਸੁਸ਼ੀਲ ਵਾਇਸ ਪ੍ਰਧਾਨ ਪੰਜਾਬ ਸਨ। ਇਸ ਸਬੰਧੀ ਥਾਣਾ ਮੁਖੀ ਫਿਲੌਰ ਮੁਖਤਿਆਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਦੇ ਇਨ੍ਹਾਂ ਨੇਤਾਵਾਂ ਸਬੰਧੀ ਉਚ ਅਧਿਕਾਰੀਆਂ ਨੂੰ ਸੂਚਿਤ ਕਰ ਦਿਤਾ ਹੈ ਜਿਸ ਤਰ੍ਹਾਂ ਦੇ ਆਦੇਸ਼ ਆਉਣਗੇ ਅਸੀਂ ਉਸੇ ਤਰ੍ਹਾਂ ਦੀ ਕਾਰਵਾਈ ਕਰਾਂਗੇ।
image