
ਸੂਬੇ ਭਰ ਦੇ ਡੀ.ਸੀ ਕੰਪਲੈਕਸਾਂ ਅੱਗੇ ਸੈਂਕੜੇ ਕਿਸਾਨ, ਮਜ਼ਦੂਰ ਤੇ ਬੀਬੀਆਂ ਤੀਜੇ ਦਿਨ ਵੀ ਡਟੇ ਰਹੇ
ਚੰਡੀਗੜ੍ਹ, 9 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਸੂਬੇ ਭਰ 'ਚ ਡੀਸੀ ਕੰਪਲੈਕਸਾਂ ਅੱਗੇ ਲਗਾਤਾਰ ਸੈਂਕੜੇ ਕਿਸਾਨਾਂ, ਮਜ਼ਦੂਰਾਂ, ਬੀਬੀਆਂ ਤੇ ਬੱਚਿਆਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਕਿਸਾਨ ਵਿਰੋਧੀ ਤਿੰਨੇ ਖੇਤੀ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ 2020 ਦੇ ਕਾਲੇ ਕਾਨੂੰਨਾਂ ਦੇ ਖਰੜਿਆਂ ਨੂੰ ਰੱਦ ਕਰਵਾਉਣ ਲਈ 7 ਸਤੰਬਰ ਤੋਂ ਜੇਲ ਭਰੋ ਮੋਰਚਾ ਅੱਜ ਤੀਸਰੇ ਦਿਨ ਵਿਚ ਸ਼ਾਮਲ ਤੇ 51 ਦੇ ਜਥੇ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕੀਤਾ ਤੇ ਮੰਗ ਕੀਤੀ ਕਿ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵਲੋਂ ਅੰਦੋਲਨਕਾਰੀਆਂ ਲਈ ਵਖਰੇ ਤੌਰ 'ਤੇ ਜੇਲਾਂ ਦਾ ਪ੍ਰਬੰਧ ਕਰ ਕੇ ਗ੍ਰਿਫ਼ਤਾਰ ਕੀਤਾ ਜਾਵੇ। ਵੱਖ-ਵੱਖ ਥਾਵਾਂ 'ਤੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਮੇਂ ਸਮੇਂ ਤੇ ਦੇਸ਼ ਦੇ ਹਾਕਮ ਕਿਸਾਨਾਂ ਦੀ ਲੁੱਟ ਖਸੁੱਟ ਕਰਦੇ ਆ ਰਹੇ ਹਨ ਤੇ ਅਪਣੀ ਚੁੰਗਲ ਵਿਚ ਫਸਾਉਣ ਲਈ ਘਟੀਆਂ ਰਣਨੀਤੀਆਂ ਉਲੀਕਦੇ ਰਹੇ ਹਨ।