
ਘਰੇਲੂ ਜਾਇਦਾਦ ਵਿਵਾਦ 'ਚ ਪਤੀ-ਪਤਨੀ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ
ਸਿਆਸੀ ਸ਼ਹਿ 'ਤੇ ਪੁਲਿਸ ਉਪਰ ਕਬਜ਼ਾ ਕਰਵਾਉਣ ਦੇ ਲਗਾਏ ਦੋਸ਼
ਬਠਿੰਡਾ, 9 ਸਤੰਬਰ (ਸੁਖਜਿੰਦਰ ਮਾਨ) : ਅੱਜ ਸਥਾਨਕ ਅਜੀਤ ਰੋਡ ਦੇ ਨਜ਼ਦੀਕ ਫ਼ੇਜ-3 ਦੇ ਸਾਹਮਣੇ ਘਰੇਲੂ ਜਾਇਦਾਦ ਵਿਵਾਦ ਨੂੰ ਲੈ ਕੇ ਸ਼ਹਿਰ ਦੇ ਇਕ ਪਤੀ-ਪਤਨੀ ਪਟਰੌਲ ਦੀ ਬੋਤਲ ਲੈ ਕੇ ਪਾਣੀ ਦੀ ਟੈਂਕੀ ਉਪਰ ਚੜ੍ਹ ਗਏ। ਜਦੋਂਕਿ ਉਨ੍ਹਾਂ ਦੇ ਅੱਧੀ ਦਰਜਨ ਨਜ਼ਦੀਕੀ ਰਿਸ਼ਤੇਦਾਰ ਟੈਂਕੀ ਦੇ ਹੇਠਾਂ ਧਰਨਾ ਲਗਾ ਕੇ ਬੈਠ ਗਏ। ਇਸ ਦੌਰਾਨ ਪ੍ਰਵਾਰ ਵਾਲਿਆਂ ਨੇ ਪੁਲਿਸ ਉਪਰ ਸਿਆਸੀ ਸ਼ਹਿ 'ਤੇ ਉਨ੍ਹਾਂ ਦੀ ਦੁਕਾਨ ਉਪਰ ਨਜਾਇਜ਼ ਕਬਜ਼ਾ ਕਰਵਾਉਣ ਦਾ ਦੋਸ਼ ਲਗਾਇਆ। ਦੂਜੇ ਪਾਸੇ ਟੈਂਕੀ ਉਪਰ ਚੜ੍ਹੇ ਮਨਦੀਪ ਸਿੰਘ ਨਾਂ ਦੇ ਨੌਜਵਾਨ ਦੇ ਭਰਾ ਸੁਖਦੀਪ ਸਿੰਘ ਨੇ ਦਾਅਵਾ ਕੀਤਾ ਕਿ ਉਸ ਦੇ ਹੱਕ ਵਿਚ ਅਦਾਲਤਾਂ ਦੇ ਫ਼ੈਸਲੇ ਹਨ ਜਦੋਂਕਿ ਉਸ ਦਾ ਭਰਾ ਧੱਕੇ ਨਾਲ ਇਸ ਕੀਮਤੀ ਜਗ੍ਹਾਂ ਨੂੰ ਅਪਣੇ ਕਬਜ਼ੇ ਹੇਠ ਲਿਆਉਣਾ ਚਾਹੁੰਦਾ ਹੈ। ਘਟਨਾ ਦਾ ਪਤਾ ਲਗਦੇ ਹੀ ਥਾਣਾ ਸਿਵਲ ਲਾਈਨ ਦੀ ਪੁਲਿਸ ਮੌਕੇ 'ਤੇ ਪੁੱਜੀ ਤੇ ਉਨ੍ਹਾਂ ਪਤੀ-ਪਤਨੀ ਨੂੰ ਹੇਠਾਂ ਉਤਾਰਨ ਲਈ ਕਾਫ਼ੀ ਜਦੋ-ਜਹਿਦ ਕੀਤੀ। ਸੂਚਨਾ ਮੁਤਾਬਕ ਪੁਲਿਸ ਨੇ ਉਨ੍ਹਾਂ ਦੇ ਬਿਆਨਾਂ ਉਪਰ ਦੂਜੇ ਭਰਾ 'ਤੇ ਕਾਰਵਾਈ ਦਾ ਵੀ ਭਰੋਸਾ ਦਿਤਾ ਪ੍ਰੰਤੂ ਦੇਰ ਸ਼ਾਮ ਤਕ ਪਤੀ-ਪਤਨੀ ਪਾਣੀ ਵਾਲੀ ਟੈਂਕੀ ਦੇ ਉਪਰ ਹੀ ਡਟੇ ਹੋਏ ਸਨ। ਟੈਂਕੀ ਉਪਰ ਚੜ੍ਹੇ ਮਨਦੀਪ ਸਿੰਘ ਦੇ ਹੇਠਾਂ ਬੈਠੇ ਸਾਢੂ ਦਵਿੰਦਰ ਸਿੰਘ ਵਾਸੀ ਬੁਢਲਾਡਾ ਨੇ ਪੱਤਰਕਾਰਾਂ ਨੂੰ ਦਸਿਆ ਕਿ ਮਨਦੀਪ ਸਿੰਘ ਤੇ ਉਸ ਦੇ ਭਰਾ ਸੁਖਦੀਪ ਸਿੰਘ ਵਿਚਕਾਰ ਜਾਇਦਾਦ ਦੀ ਵੰਡ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਅਜੀਤ ਰੋਡ 'ਤੇ ਸਥਿਤ ਇਕ ਦੁਕਾਨ ਮਨਦੀਪ ਸਿੰਘ ਦੇ ਕਬਜ਼ੇ ਵਿਚ ਹੈ, ਜਿੱਥੇ ਉਸ ਦੀ ਪਤਨੀ ਬੁਟੀਕ ਚਲਾ ਰਹੀ ਹੈ। ਇਸ ਦੌਰਾਨ ਸੁਖਦੀਪ ਸਿੰਘ ਨੇ ਕੁੱਝ ਦਿਨ ਪਹਿਲਾਂ ਰਾਤ ਨੂੰ ਕੁੱਝ ਹੋਰ ਵਿਅਕਤੀਆਂ ਨੂੰ ਨਾਲ ਲੈ ਕੇ ਦੁਕਾਨ 'ਤੇ ਕਬਜ਼ਾ ਕਰ ਲਿਆ। ਇਸ ਸਬੰਧ ਵਿਚ ਉਨ੍ਹਾਂ ਪੁਲਿਸ ਕੋਲ ਸ਼ਿਕਾਇਤ ਕੀਤੀ ਪ੍ਰੰਤੂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਜਿਸ ਦੇ ਚੱਲਦੇ ਅੱਜ ਮਜਬੂਰਨ ਉਨ੍ਹਾਂ ਨੂੰ ਇਹ ਐਕਸ਼ਨ ਕਰਨਾ ਪਿਆ।