
-ਪਿਛਲੇ ਸਾਢੇ 4 ਸਾਲ ਲੋਕਾਂ ਦੀ ਸਾਰ ਨਾ ਲੈਣ ਵਾਲੇ ਸੱਤਾਧਾਰੀ ਕਾਂਗਰਸੀ ਹੁਣ ਕਮੇਟੀਆਂ ਰਾਹੀਂ ਲੋਕਾਂ ਨੂੰ ਸ਼ਾਂਤ ਕਰਨ ਤੇ ਲੱਗੇ
ਚੰਡੀਗੜ - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਦੁਆਰਾ ਵਿਧਾਇਕਾਂ ਦੀ ਇਕ ਕਮੇਟੀ ਬਣਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੇ ਤੰਜ ਕੱਸਦਿਆਂ ਇਸ ਨੂੰ ਇਕ ਹੋਰ ਟੌਂਗ ਤੇ ਲੋਕਾਂ ਨਾਲ ਧੋਖਾ ਕਰਾਰ ਦਿੱਤਾ ਹੈ। ਚੀਮਾ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਢੇ 4 ਸਾਲਾਂ ਵਿੱਚ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ ਅਤੇ ਨੌਜਵਾਨਾਂ ਦੀ ਕੋਈ ਸਾਰ ਨਹੀਂ ਲਈ ਪਰ ਹੁਣ ਸਾਬਕਾ ਵਿਧਾਇਕ ਲਾਲ ਸਿੰਘ ਦੀ ਅਗਵਾਈ ਵਿੱਚ ਕਮੇਟੀ ਬਣਾ ਕੇ ਸੂਬੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦਾ ਡਰਾਮਾ ਕਰ ਰਹੇ ਹਨ।
Captain Amarinder Singh
ਉਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਸਾਰੇ ਮੁੱਦੇ ਹੱਲ ਕਰਨ ਦਾ ਵਾਅਦਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਬਣ ਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਮਾਇਆ ਹੈ। ਸ਼ੁੱਕਰਵਾਰ ਨੂੰ ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਚੀਮਾ ਨੇ ਕਿਹਾ, 'ਪੰਜਾਬ ਦਾ ਹਰ ਵਰਗ ਅੱਜ ਸੜਕਾਂ ਉੱਤੇ ਬੈਠਣ ਲਈ ਮਜਬੂਰ ਹੋ ਗਿਆ ਹੈ ਅਤੇ ਕਾਂਗਰਸ ਵੱਲੋਂ ਮੈਨੀਫੈਸਟੋ ਵਿੱਚ ਲਿਖੇ ਵਾਅਦੇ ਪੂਰੇ ਹੋਣ ਦੀ ਆਸ ਲਗਾਈ ਬੈਠਾ ਹੈ। ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਤੋਂ ਪੂਰੀ ਤਰਾਂ ਗੈਰ ਹਾਜ਼ਰ ਰਹੇ ਹਨ ।''
ਉਨਾਂ ਕਿਹਾ ਕੈਪਟਨ ਅਮਰਿੰਦਰ ਸਿੰਘ ਪਿਛਲੇ ਸਾਢੇ ਚਾਰ ਸਾਲ ਦੇ ਦੌਰਾਨ ਮਸਾਂ ਦਸ ਵਾਰ ਹੀ ਪੰਜਾਬ ਪਹੁੰਚੇ ਹਨ, ਜਦੋਂ ਕਿ ਉਨਾਂ ਦਾ ਵਧੇਰੇ ਸਮਾਂ ਪਹਾੜਾਂ ਵਿੱਚ ਜਾਂ ਸਿਸਵਾਂ ਫ਼ਾਰਮ 'ਤੇ ਹੀ ਬੀਤਦਾ ਹੈ। ਪਰ ਕੈਪਟਨ ਅਮਰਿੰਦਰ ਸਿੰਘ ਸਰਕਾਰੀ ਬੱਸਾਂ ਅਤੇ ਹੋਰ ਵੱਖ- ਵੱਖ ਥਾਂਵਾਂ 'ਤੇ ਵੱਡੇ- ਵੱਡੇ ਇਸ਼ਤਿਹਾਰ ਲਗਵਾ ਕੇ ਪੰਜਾਬ ਦਾ ਵਿਕਾਸ ਕਰਨ ਦੇ ਦਮਗਜੇ ਜ਼ਰੂਰ ਮਾਰਦੇ ਹਨ। ਚੀਮਾ ਨੇ ਕਿਹਾ ਕਿ ਸੂਬੇ 'ਚ ਧਰਨੇ ਪ੍ਰਦਰਸ਼ਨਾਂ ਦਾ ਆਲਮ ਇਹ ਹੈ ਕਿ ਪਟਿਆਲਾ ਵਿਖੇ ਸਥਿਤ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਮਹਿਲ ਦੇ ਬਾਹਰ ਹੀ ਪਿਛਲੇ ਛੇ ਮਹੀਨਿਆਂ ਵਿਚ 1153 ਧਰਨੇ ਲੱਗ ਚੁੱਕੇ ਹਨ, ਜਿਨਾਂ ਵਿੱਚ 57 ਵੱਡੇ ਰਾਜ ਪੱਧਰੀ ਧਰਨੇ ਲੱਗੇ ਹਨ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਦੇ ਖੁਦ ਦੇ ਸ਼ਹਿਰ ਵਿੱਚ ਈਟੀਟੀ, ਜੇਬੀਟੀ ਬੇਰੁਜ਼ਗਾਰ ਅਧਿਆਪਕ ਟੈਂਕੀ ਅਤੇ ਟਾਵਰ ਉਤੇ ਚੜੇ ਰਹੇ ਹਨ ।
teacher protest
ਉਨਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵਿਚ ਵੱਖ ਵੱਖ ਵਿਭਾਗਾਂ ਨਾਲ ਜੁੜੇ ਮੁਲਾਜ਼ਮਾਂ ਦੇ ਕਰੀਬ ਦਸ ਧਰਨੇ ਚੱਲ ਰਹੇ ਹਨ।
ਆਪ ਆਗੂ ਨੇ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੁਆਰਾ ਲਾਲ ਸਿੰਘ ਦੀ ਅਗਵਾਈ ਵਿੱਚ ਚਾਰ ਮੈਂਬਰੀ ਕਮੇਟੀ ਬਣਾ ਕੇ ਲੋਕਾਂ ਦੇ ਦੁੱਖ ਦਰਦ ਸੁਣਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ 'ਤੇ ਬੈਠਣ ਦਾ ਐਲਾਨ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੇ ਮਾਤਰ ਹੀ ਹੈ
ਕਿਉਂਕਿ ਇਸ ਤੋਂ ਪਹਿਲਾਂ ਅਜਿਹਾ ਹੀ ਨਵਜੋਤ ਸਿੰਘ ਸਿੱਧੂ ਨੇ ਕਰਨ ਦਾ ਯਤਨ ਕੀਤਾ ਸੀ, ਜੋ ਪੂਰੀ ਤਰਾਂ ਫੇਲ ਸਾਬਿਤ ਹੋਇਆ ਹੈ। ਉਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਜਦੋਂ ਤੁਸੀਂ ਪੰਜਾਬ ਦਾ ਵਿਕਾਸ ਕੀਤਾ ਹੈ ਤਾਂ ਲੋਕਾਂ ਦੀਆਂ ਸਮੱਸਿਆਵਾਂ ਕਿਉਂ ਹੱਲ ਨਹੀਂ ਹੋਈਆਂ ? ਕੀ ਕੈਪਟਨ ਅਮਰਿੰਦਰ ਸਿੰਘ ਆਪਣੀ ਡੁੱਬਦੀ ਸਾਖ ਨੂੰ ਬਚਾਉਣ ਲਈ ਅਜਿਹੇ ਡਰਾਮੇ ਕਰ ਰਹੇ ਹਨ ?