
ਦਿੱਲੀ ਗੁਰਦਵਾਰਾ ਕਮੇਟੀ ਵਿਚ ਮੈਂਬਰ ਵਜੋਂ ਨਾਮਜ਼ਦ ਹੋਏ
ਬਾਦਲ ਦਲ ਦੇ ਮੈਂਬਰ ਵਿਕਰਮ ਸਿੰਘ ਰੋਹਿਣੀ ਦੀ ਜਿੱਤ ਵੀ ਯਕੀਨੀ ਮੰਨੀ ਜਾ ਰਹੀ ਹੈ
ਨਵੀਂ ਦਿੱਲੀ, 9 ਸਤੰਬਰ (ਅਮਨਦੀਪ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਲਈ ਦੋ ਨਵੇਂ ਮੈਂਬਰ ਨਾਮਜ਼ਦ ਕਰਨ ਦੇ ਅਮਲ ਅਧੀਨ ਅੱਜ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ 18 ਵੋਟਾਂ ਨਾਲ ਨਾਮਜ਼ਦ ਹੋ ਗਏ ਜਦਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸ.ਵਿਕਰਮ ਸਿੰਘ ਰੋਹਿਣੀ ਨੂੰ 15 ਅਤੇ ਸ.ਜਸਵਿੰਦਰ ਸਿੰਘ ਜੌਲੀ ਨੂੰ 12 ਵੋਟਾਂ ਹਾਸਲ ਹੋਈਆਂ ਹਨ।
ਇਸ ਚੋਣ ਵਿਚ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ 46 ਚੁਣੇ ਗਏ। ਨਵੇਂ ਮੈਂਬਰ ਵੋਟਿੰਗ ਰਾਹੀਂ ਦਿੱਲੀ ਦੇ ਸਿੱਖਾਂ ਦੇ ਨੁਮਾਇੰਦੇ ਵਜੋਂ 2 ਸ਼ਖ਼ਸੀਅਤਾਂ ਨੂੰ ਦਿੱਲੀ ਕਮੇਟੀ ਦੇ ਮੈਂਬਰ ਵਜੋਂ ਨਾਮਜ਼ਦ ਕਰਦੇ ਹਨ। ਦਿੱਲੀ ਸਿੱਖ ਗੁਰਦਵਾਰਾ ਐਕਟ-1971 ਰਾਹੀਂ ਅੱਜ ਕੁਲ 9 ਮੈਂਬਰ ਨਾਮਜ਼ਦ ਹੋਣੇ ਸਨ, ਜਿਸ ਪਿਛੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ 55 ਮੈਂਬਰੀ ( ਕਿਉਂਕਿ 4 ਤਖ਼ਤਾਂ ਦੇ ਜਥੇਦਾਰਾਂ ਨੂੰ ਵੀ ਮੈਂਬਰ ਨਾਮਜ਼ਦ ਕੀਤਾ ਜਾਂਦਾ ਹੈ, ਜਿਨ੍ਹਾਂ ਕੋਲ ਵੋਟਿੰਗ ਹੱਕ ਨਹੀਂ ਹੁੰਦਾ) ਜਨਰਲ ਹਾਊਸ ਹੋਂਦ ਵਿਚ ਆਉਣਾ ਸੀ। ਉਸ ਪਿਛੋਂ ਪ੍ਰਧਾਨ ਤੇ ਹੋਰ ਪ੍ਰਬੰਧਕਾਂ ਦੀ ਚੋਣ ਹੋਣੀ ਸੀ, ਪਰ ਅੱਜ 2 ਮੈਂਬਰ ਹੀ ਨਾਮਜ਼ਦ ਹੋ ਸਕੇ।
ਭਾਵੇਂ ਕਿ ਹਾਈ ਕੋਰਟ ਵਿਚ ਮਾਮਲਾ ਹੋਣ ਕਰ ਕੇ ਅੱਜ ਡਾਇਰੈਕਟਰ ਗੁਰਦਵਾਰਾ ਚੋਣਾਂ ਸ.ਨਰਿੰਦਰ ਸਿੰਘ ਨੇ ਅਧਿਕਾਰਤ ਤੌਰ ’ਤੇ ਚੋਣ ਦੇ ਨਤੀਜੇ ਨਹੀਂ ਐਲਾਨੇ, ਜੋ ਕਲ ਐਲਾਨੇ ਜਾਣਗੇ, ਪਰ ਮੈਂਬਰ ਨਾਮਜ਼ਦ ਹੋਣ ਲਈ ਇਕ ਉਮੀਦਵਾਰ ਨੂੰ 16 ਵੋਟ ਮਿਲਣਗੇ ਲਾਜ਼ਮੀ ਹੁੰਦੇ ਹਨ। ਇਸ ਹਿਸਾਬ ਨਾਲ ਸਰਨਾ ਨਤੀਜੇ ਤੋਂ ਪਹਿਲਾਂ ਹੀ ਨਾਮਜ਼ਦ ਮੰਨ ਲਏ ਗਏ। ਨਾਲ ਹੀ ਕਲ ਨਤੀਜੇ ਦੇ ਐਲਾਨ ਦੇ ਨਾਲ ਹੀ ਸ.ਵਿਕਰਮ ਸਿੰਘ ਰੋਹਿਣੀ ਦੀ ਜਿੱਤ ਵੀ ਯਕੀਨੀ ਮੰਨੀ ਜਾ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰੀਤ ਵਿਹਾਰ ਹਲਕੇ ਤੋਂ ਮੈਂਬਰ ਸ.ਭੁਪਿੰਦਰ ਸਿੰਘ ਭੁੱਲਰ ਦਾ ਮਾਮਲਾ ਜ਼ਿਲ੍ਹਾ ਅਦਾਲਤ ਪੁੱਜਣ ਕਰ ਕੇ ਉਨ੍ਹਾਂ ਦੇ ਵੋਟ ਵਿਚ ਹਿੱਸਾ ਲੈਣ ’ਤੇ ਰੋਕ ਲੱਗ ਗਈ ਸੀ। ਪਰ ਅੱਜ ਹਾਈ ਕੋਰਟ ਦੇ ਦਖ਼ਲ ਪਿਛੋਂ ਉਨ੍ਹਾਂ ਨੂੰ ਵੋਟਿੰਗ ਵਿਚ ਸ਼ਾਮਲ ਹੋਣ ਦੀ ਪ੍ਰਵਾਨਗੀ ਮਿਲੀ ਤੇ ਉਹ 12:22 ’ਤੇ ਡਾਇਰੈਕਟੋਰੇਟ ਗੁਰਦਵਾਰਾ ਚੋਣਾਂ ਵੋਟ ਪਾਉਣ ਪੁੱਜੇ ਕਿਉਂਕਿ ‘ਜਾਗੋ’ ਪਾਰਟੀ ਦੇ 6 ਵੋਟਾਂ ਨਾਲ ਹਾਰੇ ਉਮੀਦਵਾਰ ਸ.ਮੰਗਲ ਸਿੰਘ ਅਦਾਲਤ ਚਲੇ ਗਏ ਸਨ ਜਿਸ ਕਰ ਕੇ ਜ਼ਿਲ੍ਹਾ ਅਦਾਲਤ ਨੇ ਭੁੱਲਰ ਦੀ ਵੋਟ ’ਤੇ ਰੋਕ ਲਾ ਦਿਤੀ ਸੀ।
‘ਸਪੋਕਸਮੈਨ’ ਨਾਲ ਗੱਲਬਾਤ ਕਰਦੇ ਹੋਏ ਡਾਇਰੈਕਟਰ ਗੁਰਦਵਾਰਾ ਚੋਣਾਂ ਸ.ਨਰਿੰਦਰ ਸਿੰਘ ਨੇ ਦਸਿਆ ਕਿ ਹਾਈਕੋਰਟ ਦੇ ਹੁਕਮ ਕਰ ਕੇ ਸ.ਭੁਪਿੰਦਰ ਸਿੰਘ ਭੁੱਲਰ ਨੂੰ ਅੱਜ ਵੋਟਿੰਗ ਵਿਚ ਸ਼ਾਮਲ ਹੋਣ ਦਿਤਾ ਗਿਆ ਹੈ, ਜਿਨ੍ਹਾਂ ਦੀ ਵੋਟ ਨੂੰ ਸੀਲ ਬੰਦ ਲਿਫ਼ਾਫ਼ੇ ਵਿਚ 10 ਸਤੰਬਰ ਨੂੂੰ ਸਵੇਰੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ, ਨਾਲ ਹੀ ਸਾਰੇ ਨਤੀਜੇ ਪੇਸ਼ ਕੀਤੇ ਜਾਣਗੇ। ਹਾਈ ਕੋਰਟ ਦੇ ਹੁਕਮ ਨਾਲ ਹੀ 10 ਸਤੰਬਰ ਨੂੰ ਨਾਮਜ਼ਦਗੀ ਦੀ ਚੋਣ ਦੇ ਨਤੀਜੇ ਐਲਾਨੇ ਜਾਣਗੇ। ਦੂਜੇ ਪਾਸੇ ਅੱਜ ਸ.ਸਰਨਾ ਦੀ ਪਾਰਟੀ ਦੇ 13 ਮੈਂਬਰਾਂ ਸਣੇ 1 ਆਜ਼ਾਦ ਮੈਂਬਰ ਸ.ਤਰਵਿੰਦਰ ਸਿੰਘ ਮਾਰਵਾਹ, ਭਾਈ ਰਣਜੀਤ ਸਿੰਘ ਦੀ ਪਾਰਟੀ ਪੰਥਕ ਅਕਾਲੀ ਲਹਿਰ ਦੇ 1 ਮੈਂਬਰ ਅਤੇ ‘ਜਾਗੋ’ ਪਾਰਟੀ ਦੇ ਮੋਢੀ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਦੀ ਪਾਰਟੀ ਦੀਆਂ 3 ਵੋਟਾਂ ਨੂੰ ਹਾਸਲ ਕਰ ਕੇ, ਸ.ਪਰਮਜੀਤ ਸਿੰਘ ਸਰਨਾ ਕੁਲ 18 ਵੋਟਾਂ ਹਾਸਲ ਕਰ ਕੇ, ਦਿੱਲੀ ਗੁਰਦਵਾਰਾ ਕਮੇਟੀ ਦੇ ਮੈਂਬਰ ਨਾਮਜ਼ਦ ਹੋ ਗਏ। ਇਸ ਪਿਛੋਂ ਤਕਰੀਬਨ 2:25 ਵੱਜੇ ਸ.ਹਰਵਿੰਦਰ ਸਿੰਘ ਸਰਨਾ ਆਪਣੇ ਮੈਂਬਰਾਂ ਨਾਲ ਆਪਣੇ ਘਰ ਪੰਜਾਬੀ ਬਾਗ਼ ਤੁਰ ਗਏ। ਸਵੇਰੇ 11 ਵਜੇ ਦੇ ਕਰੀਬ ਗੁੜਗਾਉਂ ਦੇ ਇਕ ਰਿਜ਼ੋਰਟ ਵਿਚੋਂ ਸਿੱਧਾ ਸ.ਪਰਮਜੀਤ ਸਿੰਘ ਸਰਨਾ ਅਪਣੇ ਮੈਂਬਰਾਂ ਨਾਲ ਡਾਇਰੈਕਟੋਰੇਟ ਦੇ ਦਫ਼ਤਰ ਦੇ ਬਾਹਰ ਪੁੱਜੇ ਸਨ, ਫਿਰ ਉਹ ਅਪਣੇ ਘਰ ਤੁਰ ਗਏ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ.ਹਰਵਿੰਦਰ ਸਿੰਘ ਸਰਨਾ ਤੇ ਸ.ਮਨਜੀਤ ਸਿੰਘ ਜੀ ਕੇ ਨੇ ਸ.ਪਰਮਜੀਤ ਸਿੰਘ ਸਰਨਾ ਨੂੰ 18 ਵੋਟਾਂ ਮਿਲਣ ਦੀ ਜਾਣਕਾਰੀ ਸਾਂਝੇ ਕਰਦੇ ਹੋਏ ਇਸ ਨੂੰ ਵਿਰੋਧੀ ਧਿਰ ਦਾ ਜਿੱਤ ਐਲਾਨਿਆ।