
ਰੋਡਵੇਜ਼ ਦੇ ਕੱਚੇ ਕਾਮਿਆਂ ਨੇ ਪੰਜਾਬ ਦੇ ਬੱਸ ਅੱਡੇ ਚਾਰ ਘੰਟੇ ਬੰਦ ਰੱਖੇ
ਅੱਜ ਹਜ਼ਾਰਾਂ ਕਾਮੇ ਮੁੱਖ ਮੰਤਰੀ ਦੇ ਸਿਸਵਾਂ ਹਾਊਸ ਵਲ ਕਰਨਗੇ ਮਾਰਚ
ਚੰਡੀਗੜ੍ਹ, 9 ਸਤੰਬਰ (ਝਾਂਮਪੁਰ): ਬੀਤੇ ਦਿਨੀਂ ਪੰਜਾਬ ਸਰਕਾਰ ਨਾਲ ਗੱਲਬਾਤ ਬੇਨਤੀਜਾ ਰਹਿਣ ਬਾਅਦ ਅੱਜ ਗੁੱਸੇ ਵਿਚ ਭਰੇ ਪੀਤੇ ਪੀ.ਆਰ.ਟੀ.ਸੀ. ਅਤੇ ਪੰਜਾਬ ਰੋਡਵੇਜ਼ ਪਨਬਸ ਦੇ ਕੱਚੇ ਕਾਮਿਆਂ ਨੇ ਰੋਸ ਵਜੋਂ ਪੰਜਾਬ ਭਰ ਵਿਚ ਬੱਸ ਅੱਡੇ ਲਗਾਤਾਰ ਚਾਰ ਘੰਟੇ ਲਈ ਬੰਦ ਰੱਖੇ | ਕਈ ਥਾਈਾ ਤਾਂ ਅੰਦੋਲਨਕਾਰੀ ਰੋਡਵੇਜ਼ ਕਾਮਿਆਂ ਨੇ ਬੱਸ ਅੱਡਿਆਂ ਦੇ ਗੇਟਾਂ ਉਪਰ ਤਾਲੇ ਹੀ ਜੜ੍ਹ ਦਿਤੇ ਸਨ, ਜਿਸ ਕਾਰਨ ਪ੍ਰਾਈਵੇਟ ਬਸਾਂ ਵਾਲਿਆਂ ਨੂੰ ਬੱਸ ਅੱਡਿਆਂ ਤੋਂ ਬਾਹਰ ਹੀ ਸਵਾਰੀਆਂ ਚੁਕਣੀਆਂ ਪਈਆਂ | ਇਸ ਕਾਰਨ ਸਵਾਰੀਆਂ ਨੂੰ ਅੱਜ ਕਾਫ਼ੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ | ਪੀ.ਆਰ.ਟੀ.ਸੀ. ਤੇ ਪਨਬਸ ਦੇ ਕੱਚੇ ਕਾਮਿਆਂ ਦੀ ਹੜਤਾਲ ਵੀ ਚੌਥੇ ਦਿਨ ਵਿਚ ਦਾਖ਼ਲ ਹੋਣ ਕਾਰਨ 2000 ਤੋਂ ਵੱਧ ਸਰਕਾਰੀ ਬਸਾਂ ਦਾ ਚੱਕਾ ਜਾਮ ਰਿਹਾ | ਕੁੱਝ ਕੁ ਸਰਕਾਰੀ ਬਸਾਂ ਪੱਕੇ ਮੁਲਾਜ਼ਮਾਂ ਵਲੋਂ ਚਲਾਈਆਂ ਗਈਆਂ | ਬੱਸ ਅੱਡੇ ਚਾਰ ਘੰਟੇ ਬੰਦ ਰੱਖੇ ਜਾਣ ਸਮੇਂ ਤਾਂ ਬਹੁਤੀ ਬੱਸ ਸੇਵਾ ਪ੍ਰਭਾਵਤ ਰਹੀ ਅਤੇ ਬੱਸ ਅੱਡਿਆਂ ਵਿਚ ਸੁੰਨਮਸਾਨ ਸੀ | ਸਿਰਫ਼ ਹੜਤਾਲੀ ਕਾਮੇ ਰੋਸ ਰੈਲੀਆਂ ਤੇ ਪ੍ਰਦਰਸ਼ਨ ਕਰ ਰਹੇ ਸਨ |
ਪਨਬਸ ਕੰਟਰੈਕਟ ਵਰਕਰ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦਸਿਆ ਕਿ ਅਗਲੇ ਐਕਸ਼ਨ ਪ੍ਰੋਗਰਾਮ ਤਹਿਤ 10 ਸਤੰਬਰ ਨੂੰ ਹਜ਼ਾਰਾਂ ਕਾਮੇ ਮੁੱਖ ਮੰਤਰੀ ਦੇ ਸਿਸਵਾਂ ਹਾਊਸ ਵਲ ਰੋਸ ਮਾਰਚ ਕਰਨਗੇ | ਬਸਾਂ ਦਾ ਚੱਕਾ ਜਾਮ ਮੰਗਾਂ ਮੰਨੇ ਜਾਣ ਤਕ ਜਾਰੀ ਰਹੇਗਾ | ਮੁੱਖ ਮੰਗ ਲੰਮੇ ਸਮੇਂ ਤੋਂ ਨਿਗੁਣੀਆਂ ਤਨਖ਼ਾਹਾਂ 'ਤੇ ਕੰਮ ਕਰ ਕੇ ਕਾਮਿਆਂ ਨੂੰ ਪੱਕਾ ਕਰਨ ਦੀ ਹੈ, ਜੋ ਕਾਂਗਰਸ ਦਾ ਚੋਣ ਵਾਅਦਾ ਵੀ ਸੀ |