
ਸੁਖਬੀਰ ਬਾਦਲ ਨੇ ਹਰਿਆਣਾ ਦੇ ਸਿੱਖਾਂ ਦਾ ਅਪਮਾਨ ਕੀਤਾ, ਮਾਫ਼ੀ ਮੰਗੇ : ਝੀਂਡਾ
ਕਰਨਾਲ, 9 ਸਤੰਬਰ (ਪਲਵਿੰਦਰ ਸਿੰਘ ਸੱਗੂ): ਅੱਜ ਕਰਨਾਲ ਵਿਖੇ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੀਸ ਸਿੰਘ ਝੀਂਡਾ ਨੇ ਪੱਤਰਕਾਰਵਾਰਤਾ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੁਪ੍ਰੀਮੋ ਸੁਖਬੀਰ ਬਾਦਲ ਨੂੰ ਹਰਿਆਣਾ ਵਿਚ ਲੰਗਰ ਲਗਾਉਣ ਵਾਲੇ ਬਿਆਨ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ ਕਿਉਂਕਿ ਜੋ ਲੰਗਰ ਚਲ ਰਿਹਾ ਹੈ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੈ ਅਤੇ ਗੁਰੂ ਦੀ ਸੰਗਤ ਵਲੋਂ ਲਗਾਤਾਰ ਚਲਾਇਆ ਜਾ ਰਿਹਾ ਹੈ | ਸਾਨੂੰ ਸੁਖਬੀਰ ਬਾਦਲ ਦੇ ਲੰਗਰ ਦੀ ਜ਼ਰੂਰਤ ਨਹੀਂ, ਹਰਿਆਣਾ ਦੀ ਸਿੱਖ ਸੰਗਤ ਲੱਖਾਂ ਕਿਸਾਨਾਂ ਲਈ ਲੰਗਰ ਚਲਾ ਸਕਦੀ ਹੈ ਅਤੇ ਜੋ ਲਗਾਤਾਰ ਕਿਸਾਨ ਅੰਦੋਲਨ ਤੂੰ ਲੱਗ ਕੇ ਹੁਣ ਤਕ ਚਲਦਾ ਆ ਰਿਹਾ ਹੈ |
ਉਨ੍ਹਾਂ ਕਿਹਾ ਜਿਸ ਸਮੇਂ ਸੁਖਬੀਰ ਸਿੰਘ ਬਾਦਲ ਨਹੀਂ ਸੀ ਉਸ ਸਮੇਂ ਵੀ ਗੁਰੂ ਦਾ ਲੰਗਰ ਲਗਾਤਾਰ ਚਲਦਾ ਰਿਹਾ ਹੈ ਜੋ ਲੰਗਰ ਕਰਨਾਲ ਵਿਚ ਚਲ ਰਿਹਾ ਹੈ ਇਹ ਗੁਰੂ ਦਾ ਲੰਗਰ ਹੈ, ਗੁਰੂ ਦੇ ਸਿੱਖ ਕਦੇ ਪਿੱਛੇ ਨਹੀਂ ਹਟਣਗੇ | ਹਰਿਆਣੇ ਦੀ ਸਿੱਖ ਸੰਗਤ ਕਿਸਾਨਾਂ ਲਈ ਲੰਗਰ ਚਲਾਉਣ ਵਿਚ ਸਮਰੱਥ ਹੈ | ਹਰਿਆਣੇ ਦੀ ਸੰਗਤ ਕਦੇ ਵੀ ਲੰਗਰਾਂ ਤੋਂ ਪਿੱਛੇ ਨਹੀਂ ਹਟੇਗੀ | ਹਰਿਆਣਾ ਵਿਚ ਕਾਰ ਸੇਵਾ ਵਾਲੇ ਬਾਬੇ ਅਤੇ ਹੋਰ ਸਿੱਖ ਸੰਗਤਾਂ, ਜਥੇਬੰਦੀਆਂ, ਹਰਿਆਣਾ ਦੇ ਸਿੱਖਾਂ ਦੇ ਸਹਿਯੋਗ ਨਾਲ ਕਿਸਾਨ ਅੰਦੋਲਨ ਵਿਚ ਲਗਾਤਾਰ ਲੰਗਰ ਚਲਾ ਰਹੇ ਹਨ | ਝੀਂਡਾ ਨੇ ਕਿਹਾ ਕਿ ਸਾਨੂੰ ਜ਼ਰੂਰਤ ਨਹੀਂ ਹੈ ਸੁਖਬੀਰ ਬਾਦਲ ਦੇ ਲੰਗਰਾਂ ਦੀ | ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਹਰਿਆਣਾ ਦੀ ਸੰਗਤ ਤੋਂ ਮਾਫ਼ੀ ਮੰਗੇ | ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਕਿਸਾਨ ਨੇਤਾ ਗੁਰਨਾਮ ਸਿੰਘ ਚਡੂਨੀ ਨੇ ਕਿਸਾਨਾਂ ਵਾਸਤੇ ਲੰਗਰ ਲਈ ਕਿਹਾ ਹੈ ਜੋ ਬਾਦਲ ਨੇ ਸਰਾਸਰ ਝੂਠ ਬੋਲਿਆ ਹੈ | ਇਹ ਸੁਖਬੀਰ ਬਾਦਲ ਦੀ ਹਰਿਆਣਾ ਦੇ ਕਿਸਾਨ ਨੇਤਾਵਾਂ ਨੂੰ ਬਦਨਾਮ ਕਰਨ ਦੀ ਸਾਜ਼ਸ਼ ਹੈ |
ਇਕ ਸਵਾਲ ਦੇ ਜਵਾਬ ਵਿਚ ਹਰਿਆਣਾ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਹਰਿਆਣਾ ਕਮੇਟੀ ਦੇ ਮੌਜੂਦਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਹਰਿਆਣਾ ਕਮੇਟੀ ਵਲੋਂ ਕਿਸਾਨਾਂ ਲਈ ਲੰਗਰ ਚਲਾਇਆ ਜਾਣਾ ਚਾਹੀਦਾ ਹੈ ਪਰ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਦਾਦੂਵਾਲ ਭਾਜਪਾ ਦੀ ਝੋਲੀ ਵਿਚ ਜਾ ਕੇ ਬੈਠ ਗਿਆ ਹੈ ਅਤੇ ਕਿਸਾਨ ਵਿਰੋਧੀ ਹੈ | ਦਾਦੂਵਾਲ ਹਰਿਆਣਾ ਦੇ ਗੁਰਦੁਆਰੇ ਦੀ ਮਾਇਆ ਅਪਣੇ ਨਿਜੀ ਕੰਮਾਂ 'ਤੇ ਖ਼ਰਚ ਰਿਹਾ ਹੈ ਜੋ ਬਹੁਤ ਸ਼ਰਮਨਾਕ ਹੈ | ਉਨ੍ਹਾਂ ਕਿਹਾ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਮਿਲ ਕੇ ਕਿਸਾਨਾਂ ਵਾਸਤੇ ਲੰਗਰ ਚਲਾਉਣਾ ਚਾਹੀਦਾ ਹੈ | ਇਸ ਮੌਕੇ ਐਡਵੋਕੇਟ ਅੰਗਰੇਜ਼ ਸਿੰਘ ਪੰਨੂ ਨੇ ਭਾਜਪਾ ਸਰਕਾਰ 'ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਭਾਜਪਾ ਸਰਕਾਰ ਨੇ ਕਣਕ ਦੇ ਮੁਲ ਵਿਚ ਸਿਰਫ਼ 40 ਰੁਪਏ ਦਾ ਵਾਧਾ ਕੀਤਾ ਹੈ ਜੋ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ | ਉਨ੍ਹਾਂ ਕਿਹਾ ਕਿ ਜਿਥੇ ਇਕ ਪਾਸੇ ਆਮ ਲੋਕ ਮਹਿੰਗਾਈ ਤੋਂ ਦੁਖੀ ਹਨ, ਡੀਜਲ 95 ਰੁਪਏ, ਪਟਰੌਲ ਸੋ ਰੁਪਏ ਤੋਂ ਪਾਰ ਅਤੇ ਗੈਸ ਸਲੰਡਰ 900 ਰੁਪਏ ਵਿਚ ਮਿਲ ਰਿਹਾ ਹੈ | ਮਹਿੰਗਾਈ ਕਾਰਨ ਕਿਸਾਨਾਂ ਦੀ ਲਾਗਤ ਕਈ ਗੁਣਾਂ ਵਧ ਚੁੱਕੀ ਹੈ ਪਰ ਸਰਕਾਰ ਵਲੋਂ ਕਿਸਾਨਾਂ ਨਾਲ 40 ਰੁਪਏ ਕਣਕ ਦਾ ਰੇਟ ਵਧਾ ਕੇ ਮਜ਼ਾਕ ਕੀਤਾ ਹੈ |