
ਮੁੱਖ ਮੰਤਰੀ ਨੇ ਸਥਾਈ ਸੀ-ਪਾਈਟ ਕੈਂਪ ਦਾ ਡਿਜੀਟਲ ਰੂਪ 'ਚ ਨੀਂਹ ਪੱਥਰ ਰਖਿਆ
ਚੰਡੀਗੜ੍ਹ, 9 ਸਤੰਬਰ (ਭੁੱਲਰ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਈ ਨੌਜਵਾਨ ਪੱਖੀ ਪਹਿਲਕਦਮੀਆਂ ਦੀ ਸ਼ੁਰੂਆਤ ਕਰਦੇ ਹੋਏ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਅਸਲ ਉਤਾੜ ਵਿਖੇ ਸਥਾਈ ਸੀ-ਪਾਈਟ ਕੈਂਪ ਦਾ ਡਿਜੀਟਲ ਰੂਪ 'ਚ ਨੀਂਹ ਪੱਥਰ ਰਖਿਆ | ਇਸ ਨਾਲ ਹੀ 1965 ਦੀ ਭਾਰਤ-ਪਾਕਿ ਜੰਗ ਦੇ ਪਰਮਵੀਰ ਚੱਕਰ ਜੇਤੂ ਕੰਪਨੀ ਕੁਆਰਟਰ ਮਾਸਟਰ ਹਵਲਦਾਰ ਅਬਦੁਲ ਹਮੀਦ ਦੀ ਲਾਮਿਸਾਲ ਸੂਰਮਗਤੀ ਨੂੰ ਸਿਜਦਾ ਕਰਨ ਦੇ ਨਾਲ-ਨਾਲ ਪੰਜਾਬ ਦੇ ਨੌਜਵਾਨਾਂ ਨੂੰ ਫ਼ੌਜ ਅਤੇ ਅਰਧ-ਸੈਨਿਕ ਬਲਾਂ ਵਿਚ ਚੋਣ ਹਿਤ ਢੁਕਵੀਂ ਸਿਖਲਾਈ ਪ੍ਰਦਾਨ ਕੀਤੀ ਜਾ ਸਕੇ |
ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਸਤਵੇਂ ਸੂਬਾ ਪਧਰੀ ਮੈਗਾ ਰੁਜ਼ਗਾਰ ਮੇਲੇ ਦਾ ਉਦਘਾਟਨ ਵੀ ਕੀਤਾ ਜਿਸ ਦਾ ਟੀਚਾ ਪੰਜਾਬ ਭਰ 'ਚ 2.5 ਲੱਖ ਅਸਾਮੀਆਂ ਭਰਨਾ ਹੈ | ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਸਰਕਾਰੀ ਨੌਕਰੀਆਂ ਦੇ ਭਰਤੀ ਇਮਤਿਹਾਨਾਂ ਲਈ ਮੁਫ਼ਤ ਆਨਲਾਈਨ ਕੋਚਿੰਗ ਅਤੇ 'ਮੇਰਾ ਕੰਮ ਮੇਰਾ ਮਾਣ' ਸਕੀਮਾਂ ਦੀ ਸ਼ੁਰੂਆਤ ਵੀ ਕੀਤੀ ਤਾਂ ਜੋ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫ਼ੇਅਰ ਬੋਰਡ ਤਹਿਤ ਰਜਿਸਟਰਡ ਕਾਮਿਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਰੁਜ਼ਗਾਰ ਸਹਾਇਤਾ ਭੱਤਾ (2500 ਰੁਪਏ ਪ੍ਰਤੀ ਮਹੀਨਾ) ਮੁਹਈਆ ਕਰਵਾਇਆ ਜਾ ਸਕੇ |
ਇਸ ਮੌਕੇ ਅਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਆਧੁਨਿਕ ਤਕਨਾਲੋਜੀ ਅਪਣਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਉਦਯੋਗਿਕ ਖੇਤਰ ਵਿਚ
ਨੌਕਰੀ ਲਈ ਇਸ ਨੂੰ ਬੇਹੱਦ ਮਹੱਤਵਪੂਰਨ ਦਸਿਆ ਜਿਸ ਲਈ ਸੂਬਾ ਸਰਕਾਰ ਵਲੋਂ ਮੁਫ਼ਤ ਹੁਨਰ ਸਿਖਲਾਈ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ | ਮੁੱਖ ਮੰਤਰੀ ਨੇ ਅੱਗੇ ਦਸਿਆ ਕਿ ਹੁਸ਼ਿਆਰਪੁਰ ਦੇ ਬਜਵਾੜਾ ਵਿਖੇ ਇਕ ਨਵਾਂ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਆਰਮਡ ਫ਼ੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ 26.96 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਸੀ.ਡੀ.ਐਸ.ਈ. ਅਤੇ ਐਫ਼ਕੈਟ ਇਮਤਿਹਾਨਾਂ ਲਈ ਤਿਆਰ ਕੀਤਾ ਜਾ ਸਕੇ |
ਨੌਜਵਾਨਾਂ ਲਈ ਰਜ਼ਗਾਰ ਮੁਹਈਆ ਕਰਾਉਣ ਸਬੰਧੀ ਮੁੱਖ ਮੰਤਰੀ ਨੇ ਦਸਿਆ ਕਿ ਰੁਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਵਲੋਂ ਬੀਤੇ ਚਾਰ ਵਰਿ੍ਹਆਂ ਤੋਂ ਰੋਜ਼ਾਨਾ ਔਸਤਨ 1200 ਨੌਜਵਾਨਾਂ ਨੂੰ ਨੌਕਰੀਆਂ ਦੇ ਮੌਕੇ ਮੁਹਈਆ ਕਰਵਾਏ ਜਾ ਰਹੇ ਹਨ | ਇਸੇ ਨੂੰ ਮੁੱਖ ਰਖਦੇ ਹੋਏ ਇਕ ਹੈਲਪਲਾਈਨ ਵੀ ਸ਼ੁਰੂ ਕੀਤੀ ਗਈ ਹੈ ਤਾਂ ਜੋ ਸਰਕਾਰੀ, ਨਿਜੀ ਨੌਕਰੀਆਂ, ਕੈਰੀਅਰ ਸਬੰਧੀ ਕਾਊਾਸਿਲੰਗ, ਸਵੈ-ਰੁਜ਼ਗਾਰ ਸ਼ੁਰੂ ਕਰਨਾ, ਵਿਦੇਸ਼ਾਂ ਵਿਚ ਪੜ੍ਹਾਈ ਜਾਂ ਨੌਕਰੀ ਅਤੇ ਹੁਨਰ ਵਿਕਾਸ ਦੀ ਸਿਖਲਾਈ ਸਬੰਧੀ ਨੌਜਵਾਨ ਪੀੜ੍ਹੀ ਦੇ ਸਵਾਲਾਂ ਦਾ ਜਵਾਬ ਦਿਤਾ ਜਾ ਸਕੇ |
ਇਸ ਸਮਾਗਮ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ, ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ, ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਦੇ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ ਤੇ ਡਾਇਰੈਕਟਰ ਹਰਪ੍ਰੀਤ ਸਿੰਘ ਸੂਦਨ ਵੀ ਹਾਜ਼ਰ ਸਨ |