
ਭਾਰਤੀ ਹਵਾਈ ਫ਼ੌਜ ਲਈ ਬਣਿਆ ਦੇਸ਼ ਦਾ ਪਹਿਲਾ ‘ਐਮਰਜੈਂਸੀ ਲੈਂਡਿੰਗ’ ਖੇਤਰ
ਰਾਜਨਾਥ ਸਿੰਘ, ਨਿਤਿਨ ਗਡਕਰੀ ਨੇ ਬਾੜਮੇਰ ਵਿਚ ‘ਐਮਰਜੈਂਸੀ
ਬਾੜਮੇਰ (ਰਾਜਸਥਾਨ), 9 ਸਤੰਬਰ : ਕੇਂਦਰੀ ਮੰਤਰੀ ਰਾਜਨਾਥ ਸਿੰਘ ਅਤੇ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਰਾਜਸਥਾਨ ਦੇ ਬਾੜਮੇਰ ਦੇ ਸੱਤਾ-ਗੰਧਵ ਭਾਗ ਵਿਚ ਰਾਸ਼ਟਰੀ ਰਾਜਮਾਰਗ-925 ’ਤੇ ਭਾਰਤੀ ਹਵਾਈ ਫ਼ੌਜ ਦੇ ਜਹਾਜ਼ਾਂ ਲਈ ‘ਐਮਰਜੈਂਸੀ ਲੈਂਡਿੰਗ ਫੀਲਡ’ (ਈਐਲਐਫ਼) ਦਾ ਉਦਘਾਟਨ ਕੀਤਾ।
ਏਅਰ ਫੋਰਸ ਦੇ ਹਰਕਿਊਲਿਸ ਸੀ-130 ਜੇ ਜਹਾਜ਼ ਨੇ ਵੀਰਵਾਰ ਨੂੰ ਰਾਸ਼ਟਰੀ ਰਾਜਮਾਰਗ ’ਤੇ ‘ਮੋਕ ਐਮਰਜੈਂਸੀ ਲੈਂਡਿੰਗ’ ਕੀਤੀ। ਇਸ ਦੌਰਾਨ ਦੋਵੇਂ ਮੰਤਰੀ ਅਤੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਜਹਾਜ਼ ਵਿਚ ਸਵਾਰ ਸਨ। ਇਹ ਐਨਐਚ-925 ਰਾਸ਼ਟਰੀ ਰਾਜਮਾਰਗ ’ਤੇ ਭਾਰਤੀ ਹਵਾਈ ਫ਼ੌਜ ਦੇ ਜਹਾਜ਼ਾਂ ਲਈ ਬਣਿਆ ਪਹਿਲਾ ਐਮਰਜੈਂਸੀ ਲੈਂਡਿੰਗ ਖੇਤਰ ਹੈ। ਦੋਵੇਂ ਮੰਤਰੀਆਂ ਨੇ ਐਨਐਚ-925 ’ਤੇ ਤਿਆਰ ਐਮਰਜੈਂਸੀ ਲੈਂਡਿੰਗ ਸਹੂਲਤ ’ਤੇ ਕਈ ਜਹਾਜ਼ਾਂ ਦੇ ਸੰਚਾਲਨ ਦੀ ਨਿਗਰਾਨੀ ਕੀਤੀ। ਸੁਖੋਈ-30 ਐਮਕੇਆਈ ਲੜਾਕੂ ਜਹਾਜ਼ ਅਤੇ ਆਈਏਐਫ਼ ਦੇ ਏਐਨ-32 ਫ਼ੌਜੀ ਆਵਾਜਾਈ ਜਹਾਜ਼ ਅਤੇ ਐਮਆਈ-17 ਵੀ 5 ਹੈਲੀਕਾਪਟਰਾਂ ਨੇ ਵੀ ਈਐਲਐਫ਼ ਵਿਖੇ ‘ਐਮਰਜੈਂਸੀ ਲੈਂਡਿੰਗ’ ਕੀਤੀ।
ਰਖਿਆ ਮੰਤਰੀ ਨੇ ਅਪਣੇ ਭਾਸ਼ਣ ਵਿਚ ਕਿਹਾ ਕਿ ਬਾੜਮੇਰ ਦੇ ਸਮਾਨ ਦੇਸ਼ ਭਰ ਵਿਚ ਕੁਲ 20 ‘ਐਮਰਜੈਂਸੀ ਲੈਂਡਿੰਗ ਫੀਲਡ’ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ “ਕੇਂਦਰੀ ਸੜਕ ਮੰਤਰਾਲੇ ਦੇ ਸਹਿਯੋਗ ਨਾਲ ਕਈ ਹੈਲੀਪੈਡ ਵੀ ਬਣਾਏ ਜਾ ਰਹੇ ਹਨ। ਇਹ ਸਾਡੇ ਸੁਰੱਖਿਆ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਵਲ ਇਕ ਮਹੱਤਵਪੂਰਨ ਕਦਮ ਹੈ।” (ਏਜੰਸੀ)