
ਤਲਾਸ਼ੀ ਦੌਰਾਨ ਮੋਬਾਈਲ ਬਰਾਮਦ, ਐਫ.ਆਈ.ਆਰ ਦਰਜ
ਸੰਗਰੂਰ - ਪੰਜਾਬ ਦੀ ਜੇਲ੍ਹ ਤੋਂ ਗੈਂਗਸਟਰ ਆਮਨਾ ਉਬਾ ਦੀ ਵੀਡੀਓ ਲੀਕ ਹੋਈ ਹੈ। ਇਹ ਵੀਡੀਓ ਸੰਗਰੂਰ ਜੇਲ੍ਹ ਦੀ ਦੱਸੀ ਜਾ ਰਹੀ ਹੈ। ਵੀਡੀਓ 'ਚ ਗੈਂਗਸਟਰ ਪੂਰੇ ਟਸ਼ਨ 'ਚ ਆਪਣੀ ਬੈਰਕ 'ਚੋਂ ਬਾਹਰ ਨਿਕਲਦਾ ਦਿਖਾਈ ਦੇ ਰਿਹਾ ਹੈ। ਟੋਪੀ ਪਹਿਨੇ ਹੋਏ ਗੈਂਗਸਟਰ ਆਮਨਾ ਟੌਰ ਨਾਲ ਜੇਲ੍ਹ 'ਚੋਂ ਬਾਹਰ ਆਉਂਦਾ ਦਿਖਾਈ ਦੇ ਰਿਹਾ ਹੈ।
ਵੀਡੀਓ ਲੀਕ ਹੋਣ 'ਤੇ ਜੇਲ੍ਹ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ। ਇਸ ਤੋਂ ਤੁਰੰਤ ਬਾਅਦ ਗੈਂਗਸਟਰ ਦੀ ਬੈਰਕ ਦੀ ਤਲਾਸ਼ੀ ਲਈ ਗਈ। ਬੈਰਕ ਵਿਚੋਂ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾ ਦੋਸ਼ੀ ਗੈਂਗਸਟਰ ਆਮਨਾ ਖਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਗੈਂਗਸਟਰ ਆਮਨਾ ਉਬਾ ਨੇ ਕੁਝ ਸਾਲ ਪਹਿਲਾਂ ਬਠਿੰਡਾ 'ਚ ਗੈਂਗਸਟਰ ਕੁਲਬੀਰ ਨੂਰਵਾਣਾ 'ਤੇ ਹਮਲਾ ਕੀਤਾ ਸੀ। ਗੈਂਗਸਟਰ ਅਮਨਾ ਉਬਾ ਪਿੰਡ ਦਾ ਸਰਪੰਚ ਵੀ ਰਹਿ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੰਗਰੂਰ ਜੇਲ੍ਹ ਵਿਚੋਂ ਅੱਧੀ ਦਰਜਨ ਦੇ ਕਰੀਬ ਕੈਦੀਆਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ 'ਚ ਕੈਦੀਆਂ ਨੇ ਤਤਕਾਲੀ ਜੇਲ ਸੁਪਰਡੈਂਟ ਅਤੇ ਹੋਰ ਜੇਲ੍ਹ ਸਟਾਫ 'ਤੇ ਉਨ੍ਹਾਂ ਤੋਂ ਪੈਸੇ ਵਸੂਲਣ ਦਾ ਦੋਸ਼ ਲਗਾਇਆ ਸੀ। ਕੈਦੀਆਂ ਦਾ ਦੋਸ਼ ਸੀ ਕਿ ਉਨ੍ਹਾਂ ਤੋਂ 35,000 ਰੁਪਏ ਦੀ ਫਿਰੌਤੀ ਕੀਤੀ ਗਈ ਅਤੇ ਫਿਰ 1-1 ਲੱਖ ਰੁਪਏ ਦੀ ਮੰਗ ਕੀਤੀ ਗਈ। ਇਸ ਤੋਂ ਬਾਅਦ ਸੰਗਰੂਰ ਦੇ ਤਤਕਾਲੀ ਐਸਐਸਪੀ ਡਾਕਟਰ ਸੰਦੀਪ ਗਰਗ ਨੇ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਪੁਲਿਸ ਅਧਿਕਾਰੀਆਂ ਨੂੰ ਸੌਂਪ ਦਿੱਤੀ ਸੀ।