ਸੁਪਰੀਮ ਕੋਰਟ ਨੇ ਮੋਦੀ 'ਤੇ ਟਿੱਪਣੀ ਲਈ ਸ਼ਸ਼ੀ ਥਰੂਰ ਵਿਰੁੱਧ ਕਾਰਵਾਈ ’ਤੇ ਲਗਾਈ ਰੋਕ
Shashi Tharoor : ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦੇ ਹੋਏ ‘ਸ਼ਿਵਲਿੰਗ ’ਤੇ ਬਿੱਛੂ’ ਟਿਪਣੀ ਕਰਨ ਦੇ ਦੋਸ਼ ’ਚ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਵਿਰੁਧ ਦਾਇਰ ਮਾਨਹਾਨੀ ਦੇ ਮੁਕੱਦਮੇ ’ਚ ਹੇਠਲੀ ਅਦਾਲਤ ’ਚ ਸੁਣਵਾਈ ’ਤੇ ਰੋਕ ਲਗਾ ਦਿਤੀ।
ਜਸਟਿਸ ਰਿਸ਼ੀਕੇਸ਼ ਰਾਏ ਅਤੇ ਜਸਟਿਸ ਆਰ. ਮਾਧਵਨ ਦੀ ਬੈਂਚ ਨੇ ਇਸ ਮਾਮਲੇ ’ਚ ਦਿੱਲੀ ਸਰਕਾਰ ਅਤੇ ਸ਼ਿਕਾਇਤਕਰਤਾ ਨੂੰ ਨੋਟਿਸ ਜਾਰੀ ਕੀਤਾ ਅਤੇ ਚਾਰ ਹਫ਼ਤਿਆਂ ਦੇ ਅੰਦਰ ਨੋਟਿਸ ਦਾ ਜਵਾਬ ਮੰਗਿਆ।
ਥਰੂਰ ਨੇ 29 ਅਗੱਸਤ ਨੂੰ ਦਿੱਲੀ ਹਾਈ ਕੋਰਟ ਦੇ ਉਸ ਹੁਕਮ ਵਿਰੁਧ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ, ਜਿਸ ’ਚ ਉਨ੍ਹਾਂ ਵਿਰੁਧ ਮਾਨਹਾਨੀ ਦੀ ਕਾਰਵਾਈ ਰੱਦ ਕਰਨ ਤੋਂ ਇਨਕਾਰ ਕਰ ਦਿਤਾ ਗਿਆ ਸੀ।
ਥਰੂਰ ਨੇ ਹੇਠਲੀ ਅਦਾਲਤ ਦੇ 27 ਅਪ੍ਰੈਲ, 2019 ਦੇ ਹੁਕਮ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਹੇਠਲੀ ਅਦਾਲਤ ਨੇ ਰਾਜੀਵ ਬੱਬਰ ਵਲੋਂ ਦਾਇਰ ਅਪਰਾਧਕ ਮਾਨਹਾਨੀ ਦੀ ਸ਼ਿਕਾਇਤ ’ਚ ਥਰੂਰ ਨੂੰ ਮੁਲਜ਼ਮ ਵਜੋਂ ਤਲਬ ਕੀਤਾ ਸੀ। ਉਨ੍ਹਾਂ ਨੇ 2 ਨਵੰਬਰ, 2018 ਨੂੰ ਦਾਇਰ ਕੀਤੀ ਸ਼ਿਕਾਇਤ ਨੂੰ ਰੱਦ ਕਰਨ ਦੀ ਵੀ ਮੰਗ ਕੀਤੀ ਸੀ।
ਬੱਬਰ ਨੇ ਹੇਠਲੀ ਅਦਾਲਤ ’ਚ ਥਰੂਰ ਵਿਰੁਧ ਅਪਰਾਧਕ ਸ਼ਿਕਾਇਤ ਦਾਇਰ ਕੀਤੀ ਸੀ, ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਕਾਂਗਰਸ ਨੇਤਾ ਦੇ ਬਿਆਨ ਨੇ ਉਨ੍ਹਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਅਕਤੂਬਰ 2018 ’ਚ ਥਰੂਰ ਨੇ ਦਾਅਵਾ ਕੀਤਾ ਸੀ ਕਿ ਰਾਸ਼ਟਰੀ ਸਵੈਸੇਵਕ ਸੰਘ (ਆਰ.ਐੱਸ.ਐੱਸ.) ਦੇ ਇਕ ਨੇਤਾ ਨੇ ਪ੍ਰਧਾਨ ਮੰਤਰੀ ਮੋਦੀ ਦੀ ਤੁਲਨਾ ‘ਸ਼ਿਵਲਿੰਗ ’ਤੇ ਬੈਠੇ ਬਿੱਛੂ’ ਨਾਲ ਕੀਤੀ ਸੀ।