
Punjab News: ਬੜੀ ਬੇਸਬਰੀ ਨਾਲ ‘ਜਥੇਦਾਰਾਂ’ ਦੀ ਹੋਣ ਵਾਲੀ ਬੈਠਕ ਨੂੰ ਉਡੀਕਿਆ ਜਾ ਰਿਹੈ
Punjab News: ਤਨਖ਼ਾਹੀਆ ਕਰਾਰ ਦਿਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਬੰਧੀ ਫ਼ੈਸਲੇ ਦੀ ਉਡੀਕ ਉਨ੍ਹਾਂ ਦੇ ਕਰੀਬੀ ਤੇ ਵਿਰੋਧੀ ਬੜੀ ਦਿਲਚਸਪੀ ਨਾਲ ਕਰ ਰਹੇ ਹਨ। ਬਾਦਲ ਸਰਕਾਰ ਦੇ ਬਾਕੀ ਸਾਬਕਾ ਕੈਬਨਿਟ ਵਜ਼ੀਰਾਂ ਦਾ ਸਪੱਸ਼ਟੀਕਰਨ ਅਜੇ ਆਉਣ ਵਾਲਾ ਹੈ ਜੋ ਇਕ ਰਸਮੀ ਕਾਰਵਾਈ ਸਮਝੀ ਜਾ ਰਹੀ ਹੈ।
30 ਅਗੱਸਤ ਨੂੰ ਜਥੇਦਾਰ ਅਕਾਲ ਤਖ਼ਤ ਸਾਹਿਬ ਰਘਬੀਰ ਸਿੰਘ ਨੇ ਸਲਾਹ ਮਸ਼ਵਰੇ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦਿਤਾ ਸੀ ਤੇ ਅਗਲੇ ਦਿਨ ਸੁਖਬੀਰ ਨੇ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਲਿਖਤੀ ਸਪੱਸ਼ਟੀਕਰਨ ਦਫ਼ਤਰ ਸਕੱਤਰੇਤ ਦਿਤਾ ਸੀ ਕਿ ਜੋ ਵੀ ਜਥੇਦਾਰ ਸਾਹਿਬ ਸੁਣਾਉਣਗੇ ਉਹ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਲਈ ਵਚਨਬੱਧ ਹਨ।
ਜਥੇਦਾਰ ਵਲੋਂ ਸਾਬਕਾ ਵਜ਼ੀਰਾਂ ਨੂੰ ਜਦ ਸਪੱਸ਼ਟੀਕਰਨ ਦੇਣ ਲਈ ਆਦੇਸ਼ ਹੋਣ ਉਪਰੰਤ ਇਹ ਸਿੱਖ ਪੰਥ ਦੇ ਹਲਕਿਆਂ ਵਿਚ ਬੁਲੰਦ ਆਵਾਜ਼ ਸਾਹਮਣੇ ਆ ਰਹੀ ਹੈ ਕਿ ਸਾਬਕਾ ਜਥੇਦਾਰ ਗੁਰਬਚਨ ਸਿੰਘ ਨੂੰ ਸਪੱਸ਼ਟੀਕਰਨ ਲਈ ਸੱਦਣ ਨਾਲ ਹੀ ਮੁਕੰਮਲ ਸੁਣਵਾਈ ਹੋ ਸਕਦੀ ਹੈ ਜੋ ਬਾਕੀ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀ ਸਰਕਾਰੀ ਕੋਠੀ ਖੜਨ ਲਈ ਵੱਡੇ ਗ਼ੁਨਾਹਗਾਰ ਹਨ।
ਜੇਕਰ ਉਹ ਜੁਰਅੱਤ ਵਿਖਾ ਜਾਂਦੇ ਤਾਂ ਪੰਥਕ ਮਰਿਆਦਾ ਬਰਕਰਾਰ ਰਹਿਣ ਦੇ ਨਾਲ-ਨਾਲ ਪੰਥ ਵਿਚੋਂ ਛੇਕੇ ਸੌਦਾ-ਸਾਧ ਦਾ ਬਰੀ ਹੋਣਾ ਅਸੰਭਵ ਸੀ ਪਰ ਇਹ ਬਜਰ ਗ਼ੁਨਾਹ ਕਰ ਗਏ। ਜੇ ਇਨ੍ਹਾਂ ਨੂੰ ਨਾ ਸੱਦਿਆ ਗਿਆ ਤਾਂ ਫ਼ੈਸਲਾ ਸੁਣਾਉਣ ਤੇ ਭਰਮ ਭੁਲੇਖੇ ਜਿਉਂ ਦੇ ਤਿਉਂ ਰਹਿਣਗੇ। ਪੰਥਕ ਹਲਕਿਆਂ ਮੁਤਾਬਕ ਜੇ ਗਿ. ਗੁਰਮੁਖ ਸਿੰਘ ਸਾਬਕਾ ਜਥੇਦਾਰ ਬਾਦਲਾਂ ਦੀ ਕੋਠੀ ਜਾਣ ਦਾ ਭੇਦ ਨਾ ਖੋਲ੍ਹਦੇ ਤਾਂ ਵੱਡਾ ਰਹੱਸ ਬਣਿਆ ਰਹਿ ਸਕਦਾ ਸੀ।
ਉਹ ਭੇਦ ਵੀ ਖੋਲ੍ਹ ਗਏ ਤੇ ਘਰ ਵਾਪਸੀ ਵੀ ਕਰ ਗਏ। ਹੁਣ ਜਥੇਦਾਰਾਂ ਦੀ ਬੈਠਕ ਨੂੰ ਬੜੀ ਬੇਸਬਰੀ ਨਾਲ ਉਡੀਕਿਆ ਜਾ ਰਿਹਾ ਹੈ। ਇਹ ਬੈਠਕ 18 ਸਤੰਬਰ ਨੂੰ ਹੋਣ ਦੀ ਸੰਭਾਵਨਾ ਹੈ।