
ਕਿਸਾਨਾਂ 'ਤੇ ਲਾਠੀਚਾਰਜ ਵਿਰੁਧ ਭਵਾਨੀਗੜ੍ਹ, ਕਾਲਾਝਾੜ ਅਤੇ ਮਾਝੀ ਵਿਖੇ ਸੜਕਾਂ ਜਾਮ
ਭਵਾਨੀਗੜ੍ਹ, 9 ਅਕਤੂਬਰ (ਗੁਰਪ੍ਰੀਤ ਸਿੰਘ ਸਕਰੌਦੀ) : ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁਧ ਸੰਘਰਸ਼ ਕਰਦੇ ਹਰਿਆਣਾ ਦੇ ਕਿਸਾਨ 'ਤੇ ਕੀਤੇ ਲਾਠੀਚਾਰਜ ਵਿਰੁਧ 30 ਜਥੇਬੰਦੀਆਂ ਦੇ ਸੱਦੇ 'ਤੇ ਅੱਜ ਇਥੇ ਕਿਸਾਨ ਜਥੇਬੰਦੀਆਂ ਵਲੋਂ ਮੁੱਖ ਮਾਰਗਾਂ ਉਪਰ ਤਿੰਨ ਥਾਵਾਂ 'ਤੇ ਦੋ ਘੰਟੇ ਜਾਮ ਲਗਾ ਕੇ ਹਰਿਆਣਾ ਸਰਕਾਰ ਵਿਰੁਧ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਗਈ।
ਬਠਿੰਡਾ-ਚੰਡੀਗੜ੍ਹ ਨੈਸਨਲ ਹਾਈਵੇਅ ਤੇ ਪੁਰਾਣੇ ਬੱਸ ਅੱਡੇ ਨੇੜੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ, ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਆਦਿ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਵਿਰੁਧ ਹਰਿਆਣਾ ਵਿਚ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉਤੇ ਭਾਜਪਾ ਦੀ ਖੱਟਰ ਸਰਕਾਰ ਨੇ ਅੰਨ੍ਹੇਵਾਹ ਲਾਠੀਚਾਰਜ ਕਰ ਕੇ ਅਪਣਾ ਅਸਲੀ ਖ਼ੂਨੀ ਚਿਹਰਾ ਨੰਗਾ ਕਰ ਦਿਤਾ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਡੈਮੋਕ੍ਰੇਟਿਕ ਮੁਲਾਜਮ ਫ਼ਰੰਟ ਦੇ ਆਗੂ ਰਘਵੀਰ ਸਿੰਘ ਭਵਾਨੀਗੜ੍ਹ, ਦਰਬਾਰਾ ਸਿੰਘ ਨਾਗਰਾ ਅਤੇ ਭਾਕਿਯੂ ਸਿੱਧੂਪੁਰ ਦੇ ਆਗੂ ਲਾਲੀ ਗਰੇਵਾਲ ਨੇ ਵੀ ਸੰਬੋਧਨ ਕੀਤਾ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਭਵਾਨੀਗੜ੍ਹ-ਪਟਿਆਲਾ ਮੁੱਖ ਮਾਰਗ 'ਤੇ ਸਥਿਤ ਟੋਲ ਪਲਾਜ਼ਾ ਕਾਲਾਝਾੜ੍ਹ 'ਤੇ ਜਾਮ ਲਗਾਇਆ।
ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਆਗੂ ਦਰਬਾਰਾ ਸਿੰਘ ਛਾਜਲਾ, ਜ਼ਿਲ੍ਹਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ, ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਅਤੇ ਬਲਾਕ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਨੇ ਸੰਬੋਧਨ ਕਿਹਾ ਕਿ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਵਿਰੁਧ ਹਰਿਆਣਾ ਵਿਚ ਸ਼ਾਂਤੀਪੂਰਣ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਭਾਜਪਾ ਦੀ ਖੱਟਰ ਸਰਕਾਰ ਦੀ ਪੁਲਿਸ ਨੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਹਰਿਆਣਾ ਸਰਕਾਰ ਦੀ ਇਸ ਧੱਕੇਸ਼ਾਹੀ ਦੀ ਜ਼ੋਰਦਾਰ ਸਬਦਾਂ ਵਿਚ ਨਿਖੇਧੀ ਕਰਦੀਆਂ ਹਨ।
.ਫੋਟੋ ਨੰ: 9 ਐਸਐਨਜੀ 20