
ਕੋਲੇ ਦੀ ਘਾਟ ਕਰ ਕੇ ਲੱਗੇ ਬਿਜਲੀ ਕੱਟਾਂ ਕਾਰਨ ਕਿਸਾਨ ਅਤੇ ਆੜ੍ਹਤੀ ਪ੍ਰੇਸ਼ਾਨ
ਪਟਿਆਲਾ, 9 ਅਕਤੂਬਰ (ਦਲਜਿੰਦਰ ਸਿੰਘ): ਪਾਵਰਕਾਮ ਦੇ ਥਰਮਲ ਪਲਾਂਟਾਂ ’ਚ ਕੋਲੇ ਦੇ ਘਟਦੇ ਜਾ ਰਹੇ ਸਟਾਕ ਕਾਰਨ ਪੰਜਾਬ ਵਿਚ ਬਿਜਲੀ ਸਪਲਾਈ ਵਿਚ ਵੱਡਾ ਵਿਘਨ ਪੈਣ ਕਾਰਨ ਲੰਮੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਲੱਗ ਰਹੇ ਇਨ੍ਹਾਂ ਕੱਟਾਂ ਕਾਰਨ ਖੇਤੀਬਾੜੀ ਲਈ ਕਿਸਾਨਾਂ ਨੂੰ ਵੀ 8 ਘੰਟੇ ਦੀ ਬਜਾਏ 3-4 ਘੰਟੇ ਹੀ ਬਿਜਲੀ ਮਿਲ ਰਹੀ ਹੈ ਜਿਸ ਕਾਰਨ ਕਿਸਾਨਾਂ ਵਿਚ ਵੀ ਵੱਡਾ ਰੋਸ ਹੈ।
ਕਿਸਾਨ ਕਹਿ ਰਹੇ ਹਨ ਕਿ ਸਰਕਾਰੀ ਹਦਾਇਤਾਂ ਮੁਤਾਬਕ ਪਾਣੀ ਦੀ ਬਚਤ ਲਈ ਉਨ੍ਹਾਂ ਵਲੋਂ ਪਛੇਤੀ ਕਿਸਮ ਦੀਆਂ ਜ਼ੀਰੀ ਤੇ ਸਬਜ਼ੀ ਦੀਆਂ ਫ਼ਸਲਾਂ ਉਗਾਈਆਂ ਗਈਆਂ ਹਨ, ਜਿਨ੍ਹਾਂ ਨੂੰ ਪਕਾਉਣ ਲਈ ਹੁਣ ਪਾਣੀ ਦੀ ਲੋੜ ਹੈ ਪਰ ਬਿਜਲੀ ਕੱਟਾਂ ਕਾਰਨ ਉਨ੍ਹਾਂ ਨੂੰ ਪੱਕੀਆਂ ਫ਼ਸਲਾਂ ਖ਼ਰਾਬ ਹੋਣ ਦਾ ਖਦਸ਼ਾ ਸ਼ੁਰੂ ਹੋ ਗਿਆ ਹੈ। ਉਧਰ ਸ਼ਹਿਰਾਂ ਵਿਚ ਲੱਗ ਰਹੇ ਬਿਜਲੀ ਕੱਟਾਂ ਕਾਰਨ ਮੰਡੀਆਂ ਵਿਚ ਚਲ ਰਹੇ ਜ਼ੀਰੀ ਦੇ ਸੀਜ਼ਨ ਕਾਰਨ ਫ਼ਸਲਾਂ ਦੀ ਸਾਫ਼ ਸਫ਼ਾਈ ਦੌਰਾਨ ਵੱਡੀ ਦਿੱਕਤ ਆ ਰਹੀ ਹੈ। ਬਿਜਲੀ ਦੇ ਲੰਮੇ ਕੱਟਾਂ ਦੇ ਚਲਦਿਆਂ ਫ਼ਸਲਾਂ ਦੀ ਸਾਫ਼ ਸਫ਼ਾਈ ਦਾ ਕੰਮ ਮਸ਼ੀਨੀ ਪੱਖਿਆਂ ਦੀ ਬਜਾਏ ਲੇਬਰ ਨੂੰ ਹੱਥਾਂ ਨਾਲ ਕਰਨਾ ਪੈ ਰਿਹਾ ਹੈ। ਇਸ ਸਮੇਂ ਮੰਡੀਆਂ ਵਿਚ ਝੋਨੇ ਦੀ ਫ਼ਸਲ ਦੀ ਆਮਦ ਸ਼ੁਰੂ ਹੋ ਗਈ ਹੈ ਪਰ ਬਿਜਲੀ ਦੇ ਲੱਗ ਰਹੇ ਵੱਡੇ ਕਟਾਂ ਕਾਰਨ ਜ਼ੀਰੀ ਦੀ ਫ਼ਸਲ ਨੂੰ ਸਾਫ਼ ਕਰਨ ਲਈ ਲੇਬਰ ਨੂੰ ਵੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ ਕਿਉਂਕਿ ਹੁਣ ਫ਼ਸਲ ਦੀ ਸਾਫ਼ ਸਫ਼ਾਈ ਅਤੇ ਤੋਲ-ਤਲਾਈ ਦਾ ਕੰਮ ਸਾਰਾ ਬਿਜਲੀ ਨਾਲ ਹੀ ਹੁੰਦੇ ਹਨ। ਆੜ੍ਹਤੀਆਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਪਾਵਰਕਾਮ ਵਲੋਂ ਬਿਜਲੀ ਦੀ ਸਪਲਾਈ ਨੂੰ ਤੁਰਤ ਦਰੁਸਤ ਕੀਤਾ ਜਾਵੇ ਤਾਂ ਜੋ ਮੰਡੀਆਂ ਵਿਚ ਕਿਸਾਨਾਂ ਦੀ ਫ਼ਸਲ ਸਮੇਂ ਸਿਰ ਸਾਫ਼ ਹੋ ਕੇ ਤੁਲ ਸਕੇ ਤੇ ਕਿਸਾਨ ਖੱਜਲ ਹੋਣ ਤੋਂ ਬਚ ਸਕਣ।
ਫੋਟੋ ਨੰ 9ਪੀਏਟੀ. 14