
ਸ੍ਰੀਨਗਰ ਵਿਚ ਅਤਿਵਾਦੀਆਂ ਵਲੋਂ ਮਾਰੇ ਗਏ ਅਧਿਆਪਕਾਂ ਦੇ ਪ੍ਰਵਾਰਾਂ ਨਾਲ ਰਵਨੀਤ ਸਿੰਘ ਬਿੱਟੂ ਨੇ ਕੀਤੀ ਮੁਲਾਕਾਤ
ਸ੍ਰੀਨਗਰ, 9 ਅਕਤੂਬਰ : ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤਿਵਾਦੀਆਂ ਵਲੋਂ ਮਾਰੇ ਗਏ ਅਧਿਆਪਕਾਂ ਦੇ ਪ੍ਰਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਅੱਜ ਸ੍ਰੀਨਗਰ ਗਏ। ਇਥੇ ਉਨ੍ਹਾਂ ਨੇ ਪੀੜਤ ਪ੍ਰਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਦੁੱਖ ਸਾਂਝਾ ਕੀਤਾ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,‘‘ਮੈਂ ਇਥੇ ਕਿਸੇ ਸਿਆਸੀ ਪਾਰਟੀ ਦਾ ਨੁਮਾਇੰਦਾ ਬਣ ਕੇ ਨਹੀਂ ਆਇਆ ਸਗੋਂ ਇਸ ਲਈ ਆਇਆ ਹਾਂ ਕਿਉਂਕਿ ਮੈਂ ਵੀ ਇਨ੍ਹਾਂ ਵਿਚੋਂ ਇਕ ਹਾਂ। ਮੇਰੇ ਦਾਦਾ ਸ਼ਹੀਦ ਸਰਦਾਰ ਬੇਅੰਤ ਸਿੰਘ ਵੀ ਅਤਿਵਾਦ ਵਿਰੁਧ ਲੜਦੇ ਹੋਏ ਸ਼ਹੀਦ ਹੋਏ ਸਨ, ਇਸ ਲਈ ਅਸੀਂ ਉਨ੍ਹਾਂ ਦੇ ਦਰਦ ਨੂੰ ਸਮਝ ਸਕਦੇ ਹਾਂ। ਜਦੋਂ ਮੈਂ ਟੀਵੀ, ਮੋਬਾਈਲ ਤੇ ਅਤਿਵਾਦੀਆਂ ਵਲੋਂ ਸਿੱਖ ਅਧਿਆਪਕ ਦੇ ਕਤਲ ਦੀਆਂ ਫ਼ੋਟੋਆਂ ਵੇਖੀਆਂ ਮੈਨੂੰ ਬਹੁਤ ਦੁੱਖ ਹੋਇਆ ਕਿਉਂਕਿ ਸ੍ਰੀਨਗਰ ਵਿਚ ਪਹਿਲਾਂ ਅਜਿਹਾ ਕਦੇ ਵੀ ਨਹੀਂ ਹੋਇਆ, ਉਹ ਵੀ ਇਕ ਪਿ੍ਰੰਸੀਪਲ ਨਾਲ। ਜੋ ਪਿ੍ਰੰਸੀਪਲ ਹਿੰਦੂ, ਸਿੱਖ ਅਤੇ ਮੁਸਲਿਮ ਹਰ ਬੱਚੇ ਨੂੰ ਸਿਖਿਆ ਦਿੰਦੇ ਸਨ, ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ। ਸਕੂਲ ਵਿਚ 35 ਬੰਦੇ ਹੋਰ ਸਨ ਉਨ੍ਹਾਂ ਨੂੰ ਅਲੱਗ ਕਰ ਕੇ ਸਿੱਖ, ਪੰਡਤ ਅਧਿਆਪਕ ਨੂੰ ਮਾਰਿਆ ਗਿਆ। ਕਿਸੇ ਨੇ ਉਨ੍ਹਾਂ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਵੀ ਨਾ ਕੀਤੀ।’’
ਰਵਨੀਤ ਬਿੱਟੂ ਨੇ ਕਿਹਾ ਕਿ ਮੈਨੂੰ ਇਥੋਂ ਪਤਾ ਲੱਗਾ ਹੈ ਕਿ ਜੋ ਦਿੱਲੀ ਤੋਂ ਅਫ਼ਸਰ ਆ ਰਹੇ ਹਨ ਉਨ੍ਹਾਂ ਨੂੰ ਕੋਈ ਗੱਲ ਨਹੀਂ ਪਤਾ ਅਤੇ ਨਾ ਹੀ ਪੁਲਿਸ ਕੋਈ ਜ਼ਿੰਮੇਵਾਰੀ ਲੈਣ ਨੂੰ ਤਿਆਰ ਹੈ। ਮੈਂ ਇਥੇ ਆ ਕੇ ਵੇਖਿਆ ਹਿੰਦੂ, ਪੰਡਤ ਪ੍ਰਵਾਰ ਇਥੋਂ ਜਾ ਰਹੇ ਹਨ ਅਤੇ ਦਰਜਨਾਂ ਪ੍ਰਵਾਰ ਇਥੋਂ ਜਾਣ ਬਾਰੇ ਸੋਚ ਰਹੇ ਹਨ। ਸਿੱਖ ਪ੍ਰਵਾਰਾਂ ਦੇ ਫ਼ੋਨ ਆ ਰਹੇ ਹਨ ਅਸੀਂ ਕੀ ਕਰੀਏ? ਬਿੱਟੂ ਨੇ ਕਿਹਾ ਕਿ ਜੇ ਪਗੜੀ ਇਥੋਂ ਚਲੀ ਗਈ ਤਾਂ ਇਹ ਗੁਲਦਸਤਾ ਅਧੂਰਾ ਰਹਿ ਜਾਵੇਗਾ।
ਹੁਣ ਫ਼ਿਕਰ ਹੈ ਕਿ ਸਿੱਖਾਂ ਨੂੰ ਇਥੇ ਰੋਕਿਆ ਜਾਵੇ। ਉਹਨਾਂ ਨੂੰ ਲੜਨ ਦੀ ਹਿੰਮਤ ਦਿੱਤੀ ਜਾਵੇ। ਇਹ ਭੱਜਣ ਵਾਲੀ ਕੌਮ ਨਹੀਂ ਹੈ ਪਰ ਇਹਨਾਂ ਦਾ ਸਾਥ ਦੇਣਾ ਪਵੇਗਾ। ਉਹਨਾਂ ਕਿਹਾ ਕਿ ਮੈਨੂੰ ਇਥੋਂ ਜੋ ਗੱਲਾਂ ਪਤਾ ਲੱਗੀਆਂ ਹਨ ਉਹ ਮੈਂ ਪੰਜਾਬ ਅਤੇ ਦਿੱਲੀ ਸਰਕਾਰ ਨੂੰ ਜਰੂਰ ਦੱਸਾਂਗਾ।